- Updated: October 26, 2024 08:50 PM
ਆਮ ਆਦਮੀ ਪਾਰਟੀ ਨੇ ਆਪਣੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਹੱਤਿਾ ਦੀ ਡੂੰਘੀ ਸਾਜ਼ਿਸ਼ ਰਚੇ ਜਾਣ ਦਾ ਸ਼ਨੀਵਾਰ ਨੂੰ ਦੋਸ਼ ਲਾਇਆ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਕੁਝ ਵੀ ਹੋਇਆ ਤਾਂ ਇਸ ਲਈ ਭਾਜਪਾ ਜ਼ਿੰਮੇਵਾਰ ਹੋਵੇਗੀ। 'ਆਪ' ਆਗੂਆਂ ਨੇ ਸ਼ੁੱਕਰਵਾਰ ਨੂੰ ਦੋਸ਼ ਲਾਇਆ ਕਿ ਪੱਛਮੀ ਦਿੱਲੀ ਦੇ ਵਿਕਾਸਪੁਰੀ 'ਚ ਉਨ੍ਹਾਂ ਦੀ ਪੈਦਲ ਯਾਤਰਾ ਦੌਰਾਨ 'ਭਾਜਪਾ ਦੇ ਗੁੰਡਿਆਂ' ਨੇ ਕੇਜਰੀਵਾਲ 'ਤੇ ਹਮਲਾ ਕੀਤਾ ਸੀ। 'ਆਪ' ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਪ੍ਰੈੱਸ ਕਾਨਫਰੰਸ 'ਚ ਦੋਸ਼ ਲਾਇਆ, ''ਇਸ ਘਟਨਾ 'ਚ ਪੁਲਸ ਦੀ ਸ਼ਮੂਲੀਅਤ ਸਪੱਸ਼ਟ ਤੌਰ 'ਤੇ ਕੇਜਰੀਵਾਲ ਦੇ ਕਤਲ ਦੀ ਡੂੰਘੀ ਸਾਜ਼ਿਸ਼ ਨੂੰ ਦਰਸਾਉਂਦੀ ਹੈ। ਭਾਜਪਾ ਉਨ੍ਹਾਂ ਦੀ ਜਾਨ ਦੀ ਦੁਸ਼ਮਣ ਬਣ ਗਈ ਹੈ।'' ਸਿੰਘ ਦੇ ਦੋਸ਼ਾਂ 'ਤੇ ਪੁਲਸ ਜਾਂ ਭਾਜਪਾ ਵੱਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ।
‘ਆਪ’ ਆਗੂ ਨੇ ਕਿਹਾ ਕਿ ਵਿਕਾਸਪੁਰੀ ਘਟਨਾ ਦੇ ਬਾਵਜੂਦ ਕੇਜਰੀਵਾਲ ਪੈਦਲ ਯਾਤਰਾ ਮੁਹਿੰਮ ਨੂੰ ਤੈਅ ਸਮੇਂ ਅਨੁਸਾਰ ਜਾਰੀ ਰੱਖਣਗੇ। ਇਹ ਪੁੱਛੇ ਜਾਣ 'ਤੇ ਕਿ ਪਾਰਟੀ ਨੇ ਘਟਨਾ ਬਾਰੇ ਕੋਈ ਸ਼ਿਕਾਇਤ ਕਿਉਂ ਨਹੀਂ ਦਰਜ ਕੀਤੀ ਤਾਂ ਸਿੰਘ ਨੇ ਕਿਹਾ ਕਿ ਜੇਕਰ ਪੁਲਸ "ਨਿਰਪੱਖ" ਹੁੰਦੀ ਅਤੇ ਇਸਦੇ ਅਧਿਕਾਰੀਆਂ ਨੇ ਹਮਲਾਵਰਾਂ ਦੇ ਸਮੂਹ ਨੂੰ ਰੋਕਣ ਲਈ ਕੁਝ ਕੀਤਾ ਹੁੰਦਾ ਤਾਂ ਇਹ ਘਟਨਾ ਨਾ ਵਾਪਰਦੀ। ਉਨ੍ਹਾਂ ਦਾਅਵਾ ਕੀਤਾ ਕਿ ਹਮਲਾਵਰ ਭਾਜਪਾ ਦੇ ਯੂਥ ਵਿੰਗ ਨਾਲ ਸਬੰਧਤ ਸਨ। ‘ਆਪ’ ਆਗੂ ਨੇ ਕਿਹਾ ਕਿ ਪੁਲਸ ਘਟਨਾ ਦਾ ਨੋਟਿਸ ਲੈ ਕੇ ਜਾਂਚ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਸ ਮਾਮਲੇ ਵਿਚ ਅਗਲੇਰੀ ਕਾਰਵਾਈ ਲਈ ਕਾਨੂੰਨੀ ਸਲਾਹ ਲੈ ਰਹੀ ਹੈ।
'ਆਪ' ਸੰਸਦ ਮੈਂਬਰ ਨੇ ਦੋਸ਼ ਲਾਇਆ ਕਿ ਭਾਜਪਾ ਆਗੂ ਕੇਜਰੀਵਾਲ 'ਤੇ ਹਮਲਾ ਕਰਨ ਵਾਲਿਆਂ ਦਾ ਸਮਰਥਨ ਕਰ ਰਹੇ ਹਨ। ਦਿੱਲੀ ਸਰਕਾਰ ਦੇ ਮੰਤਰੀ ਸੌਰਭ ਭਾਰਦਵਾਜ ਨੇ ਇਕ ਹੋਰ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, “ਭਾਰਤੀ ਜਨਤਾ ਯੁਵਾ ਮੋਰਚਾ (ਬੀਜੇਵਾਈਐੱਮ) ਦੇ ਅਧਿਕਾਰੀਆਂ ਨੇ ਕੇਜਰੀਵਾਲ ਉੱਤੇ ਹਮਲਾ ਕੀਤਾ। ਹਮਲਾਵਰਾਂ ਵਿੱਚੋਂ ਇਕ ਭਾਜਪਾ ਦੀ ਦਿੱਲੀ ਇਕਾਈ ਦਾ ਉਪ-ਪ੍ਰਧਾਨ ਹੈ ਅਤੇ ਦੂਜਾ ਹਮਲਾਵਰ ਇਸ ਦਾ ਜਨਰਲ ਸਕੱਤਰ ਹੈ।