ਕਾਂਗਰਸ ਅਤੇ ‘ਆਪ’ ਦੇ 2 ਨੇਤਾ ਅਮਿਤ ਸ਼ਾਹ ਦੀ ‘ਫਰਜ਼ੀ ਵੀਡੀਓ’ ਸ਼ੇਅਰ ਕਰਨ ’ਤੇ ਹੋਏ ਗ੍ਰਿਫਤਾਰ

ਕਾਂਗਰਸ ਅਤੇ ‘ਆਪ’ ਦੇ 2 ਨੇਤਾ ਅਮਿਤ ਸ਼ਾਹ ਦੀ ‘ਫਰਜ਼ੀ ਵੀਡੀਓ’ ਸ਼ੇਅਰ ਕਰਨ ’ਤੇ ਹੋਏ ਗ੍ਰਿਫਤਾਰ

ਗੁਜਰਾਤ ਪੁਲਸ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ‘ਫ਼ਰਜ਼ੀ ਵੀਡੀਓ’ ਸ਼ੇਅਰ ਕਰਨ ਦੇ ਦੋਸ਼ ’ਚ ਕਾਂਗਰਸ ਦੇ ਇਕ ਨੇਤਾ ਅਤੇ ਆਮ ਆਦਮੀ ਪਾਰਟੀ (ਆਪ) ਦੇ ਇਕ ਅਹੁਦੇਦਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਸ ਫਰਜ਼ੀ ਵੀਡੀਓ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਥਿਤ ਤੌਰ ’ਤੇ ਅਨੁਸੂਚਿਤ ਜਾਤੀ (ਐੱਸ. ਸੀ.), ਅਨੁਸੂਚਿਤ ਜਨਜਾਤੀ (ਐੱਸ. ਟੀ.) ਅਤੇ ਹੋਰ ਪੱਛੜੀਆਂ ਸ਼੍ਰੇਣੀਆਂ (ਓ. ਬੀ. ਸੀ.) ਦੇ ਰਾਖਵਾਂਕਰਨ ਅਧਿਕਾਰਾਂ ਨੂੰ ਖਤਮ ਕਰਨ ਦਾ ਐਲਾਨ ਕਰਦੇ ਨਜ਼ਰ ਆ ਰਹੇ ਹਨ। ਪੁਲਸ ਨੇ ਇਕ ਬਿਆਨ ’ਚ ਕਿਹਾ ਕਿ ਅਹਿਮਦਾਬਾਦ ਸਾਈਬਰ ਕ੍ਰਾਈਮ ਸੈੱਲ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਦੀ ਪਛਾਣ ਬਨਾਸਕਾਂਠਾ ਦੇ ਪਾਲਨਪੁਰ ਨਿਵਾਸੀ ਸਤੀਸ਼ ਵਨਸੋਲਾ ਅਤੇ ਦਾਹੋਦ ਜ਼ਿਲੇ ਦੇ ਲਿਮਖੇੜਾ ਕਸਬੇ ਦੇ ਰਹਿਣ ਵਾਲੇ ਰਾਕੇਸ਼ ਬਾਰਿਆ ਵਜੋਂ ਹੋਈ ਹੈ।

ਸ਼ਾਹ ਦੀ ‘ਡੀਪਫੇਕ’ ਵੀਡੀਓ ਕਥਿਤ ਤੌਰ ’ਤੇ ਸ਼ੇਅਰ ਕਰਨ ਦੇ ਦੋਸ਼ ’ਚ ਮੁੰਬਈ ਪੁਲਸ ਨੇ ਮਹਾਰਾਸ਼ਟਰ ਯੂਥ ਕਾਂਗਰਸ ਦੇ ਸੋਸ਼ਲ ਮੀਡੀਆ ਹੈਂਡਲ ਅਤੇ 16 ਹੋਰਾਂ ਵਿਰੁੱਧ ਕੇਸ ਦਰਜ ਕੀਤਾ ਹੈ। ‘ਡੀਪਫੇਕ’ ਇਕ ਅਜਿਹੀ ਤਕਨੀਕ ਹੈ ਜਿਸ ਨਾਲ ਵੀਡੀਓ ’ਚ ਛੇੜਛਾੜ ਕਰ ਕੇ ਕਿਸੇ ਅਜਿਹੇ ਵਿਅਕਤੀ ਦੇ ਚਿਹਰੇ ਨੂੰ ਉਸ ’ਚ ਫਿੱਟ ਕੀਤਾ ਜਾਂਦਾ ਹੈ, ਜੋ ਉਸ ਵੀਡੀਓ ਦਾ ਹਿੱਸਾ ਹੀ ਨਹੀਂ ਹੁੰਦਾ।