ਭਾਰਤ ਦੀ ਤਾਕਤ ਵਧਾਉਣ ਲਈ ਰੱਖਿਆ ਮੰਤਰਾਲੇ ਨੇ 97 ਤੇਜਸ ਲੜਾਕੂ ਜਹਾਜ਼ਾਂ ਦਾ ਦਿੱਤਾ ਆਰਡਰ

 ਭਾਰਤ ਦੀ ਤਾਕਤ ਵਧਾਉਣ ਲਈ ਰੱਖਿਆ ਮੰਤਰਾਲੇ ਨੇ 97 ਤੇਜਸ ਲੜਾਕੂ ਜਹਾਜ਼ਾਂ ਦਾ ਦਿੱਤਾ ਆਰਡਰ

ਰੱਖਿਆ ਮੰਤਰਾਲੇ ਨੇ 97 ਸਵਦੇਸ਼ੀ ਨਿਰਮਿਤ ਐਲਸੀਏ ਮਾਰਕ-1ਏ ਲੜਾਕੂ ਜਹਾਜ਼ਾਂ ਦੀ ਖਰੀਦ ਲਈ ਜਨਤਕ ਖੇਤਰ ਦੀ ਕੰਪਨੀ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ (ਐਚਏਐਲ) ਨੂੰ ਲਗਭਗ 65,000 ਕਰੋੜ ਰੁਪਏ ਦਾ ਟੈਂਡਰ ਜਾਰੀ ਕੀਤਾ ਹੈ। ਇਹ ਭਾਰਤ ਸਰਕਾਰ ਦੁਆਰਾ ਕਿਸੇ ਵੀ ਸਵਦੇਸ਼ੀ ਫੌਜੀ ਉਪਕਰਣ ਦੀ ਖਰੀਦ ਲਈ ਦਿੱਤਾ ਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਆਰਡਰ ਹੋਵੇਗਾ।

ਰੱਖਿਆ ਮੰਤਰਾਲੇ ਵੱਲੋਂ ਜਾਰੀ ਟੈਂਡਰ ਦਾ ਜਵਾਬ ਦੇਣ ਲਈ HAL ਨੂੰ ਤਿੰਨ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਨਵੇਂ ਐਲਸੀਏ ਮਾਰਕ-1ਏ ਲੜਾਕੂ ਜਹਾਜ਼ ਵਿਚ 65 ਫ਼ੀਸਦੀ ਤੋਂ ਵੱਧ ਸਵਦੇਸ਼ੀ ਸਮੱਗਰੀ ਦੀ ਵਰਤੋਂ ਕੀਤੀ ਜਾਵੇਗੀ। ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਜਹਾਜ਼ਾਂ ਦੇ ਆਉਣ ਨਾਲ ਭਾਰਤੀ ਹਵਾਈ ਸੈਨਾ ਨੂੰ ਆਪਣੇ ਮਿਗ-21, ਮਿਗ-23 ਅਤੇ ਮਿਗ-27 ਦੇ ਬੇੜੇ ਨੂੰ ਬਦਲਣ ਵਿੱਚ ਮਦਦ ਮਿਲੇਗੀ, ਜਿਨ੍ਹਾਂ ਨੂੰ ਜਾਂ ਤਾਂ ਪੜਾਅਵਾਰ ਖ਼ਤਮ ਕਰ ਦਿੱਤਾ ਗਿਆ ਹੈ ਜਾਂ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਨੂੰ ਖ਼ਤਮ ਕੀਤੇ ਜਾਣ ਦੀ ਸੰਭਾਵਨਾ ਹੈ। 

ਵਰਣਨਯੋਗ ਹੈ ਕਿ 97 ਹੋਰ ਐਲਸੀਏ ਮਾਰਕ-1ਏ ਲੜਾਕੂ ਜਹਾਜ਼ ਖਰੀਦਣ ਦੀ ਯੋਜਨਾ ਦਾ ਐਲਾਨ ਪਹਿਲੀ ਵਾਰ ਸਪੇਨ ਦੀ ਧਰਤੀ 'ਤੇ ਏਅਰ ਚੀਫ਼ ਮਾਰਸ਼ਲ ਵੀਆਰ ਚੌਧਰੀ ਨੇ ਕੀਤਾ ਸੀ, ਜਦੋਂ ਉਹ ਸਵਦੇਸ਼ੀ ਲੜਾਕੂ ਜਹਾਜ਼ਾਂ ਦੇ ਸੌਦਿਆਂ ਨੂੰ ਉਤਸ਼ਾਹਿਤ ਕਰਨ ਦੀ ਯੋਜਨਾ ਬਾਰੇ ਗੱਲ ਕਰ ਰਹੇ ਸਨ। ਅਧਿਕਾਰੀਆਂ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ HAL ਨੂੰ ਮੁੜ ਸੁਰਜੀਤ ਕਰਨ ਦੇ ਵਿਚਾਰ ਨੂੰ ਅੱਗੇ ਲਿਜਾਣਾ ਹੈ। ਇਸ ਤੋਂ ਇਲਾਵਾ, ਇਹ ਦੇਸ਼ ਭਰ ਵਿੱਚ ਰੱਖਿਆ ਕਾਰੋਬਾਰ ਵਿਚ ਲੱਗੇ ਛੋਟੇ ਅਤੇ ਦਰਮਿਆਨੇ ਉਦਯੋਗਾਂ ਲਈ ਵੀ ਲਾਹੇਵੰਦ ਸਾਬਤ ਹੋਵੇਗਾ।

ਸਰਕਾਰ ਨੇ ਪਹਿਲਾਂ ਭਾਰਤੀ ਹਵਾਈ ਸੈਨਾ ਲਈ 83 ਤੇਜਸ ਮਾਰਕ-1 ਜਹਾਜ਼ਾਂ ਦੀ ਖਰੀਦ ਲਈ ਆਰਡਰ ਦਿੱਤਾ ਸੀ, ਜਿਸ ਦੀ ਸਪਲਾਈ ਅਗਲੇ ਕੁਝ ਹਫ਼ਤਿਆਂ ਵਿਚ ਸ਼ੁਰੂ ਹੋਣ ਦੀ ਉਮੀਦ ਹੈ। LCA Mark-1A ਤੇਜਸ ਏਅਰਕ੍ਰਾਫਟ ਦਾ ਅਪਗ੍ਰੇਡ ਕੀਤਾ ਸੰਸਕਰਣ ਹੈ। ਐਲਸੀਏ ਮਾਰਕ-1ਏ ਏਅਰਕ੍ਰਾਫਟ ਵਿੱਚ ਏਅਰਫੋਰਸ ਨੂੰ ਸਪਲਾਈ ਕੀਤੇ ਜਾਣ ਵਾਲੇ ਸ਼ੁਰੂਆਤੀ 40 ਐਲਸੀਏ ਨਾਲੋਂ ਜ਼ਿਆਦਾ ਉੱਨਤ ਐਵੀਓਨਿਕਸ ਅਤੇ ਰਾਡਾਰ ਹੋਣਗੇ।