ਸੁਖਬੀਰ ,ਸਿਕੰਦਰ ਸਿੰਘ ਮਲੂਕਾ ਦੇ ਨੂੰਹ-ਪੁੱਤਰ ਦੇ ਕਦਮ ਤੋਂ ਹੋਏ ਖ਼ਾਸੇ ਨਾਰਾਜ਼! ਮਲੂਕਾ ਨੂੰ ਮੌੜ ਹਲਕੇ ਦੇ ਇੰਚਾਰਜ ਵਜੋਂ ਹਟਾਇਆ

ਸੁਖਬੀਰ ,ਸਿਕੰਦਰ ਸਿੰਘ ਮਲੂਕਾ ਦੇ ਨੂੰਹ-ਪੁੱਤਰ ਦੇ ਕਦਮ ਤੋਂ ਹੋਏ ਖ਼ਾਸੇ ਨਾਰਾਜ਼! ਮਲੂਕਾ ਨੂੰ ਮੌੜ ਹਲਕੇ ਦੇ ਇੰਚਾਰਜ ਵਜੋਂ ਹਟਾਇਆ

ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਅਤੇ ਪੁੱਤਰ ਵਲੋਂ ਭਾਜਪਾ ’ਚ ਸ਼ਾਮਲ ਹੋਣ ਬਾਅਦ ਬਾਦਲ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ ਅਤੇ ਇਸ ਤੋਂ ਬਾਅਦ ਅਕਾਲੀ ਦਲ ਅੰਦਰ ਵੀ ਮਲੂਕਾ ਵਿਰੁਧ ਅਨੁਸ਼ਾਸਨੀ ਕਾਰਵਾਈ ਦੀ ਤਿਆਰੀ ਸ਼ੁਰੂ ਹੋ ਚੁਕੀ ਹੈ। ਭਾਵੇਂ ਹਾਲੇ ਖੁਦ ਸਿਕੰਦਰ ਸਿੰਘ ਮਲੂਕਾ ਅਕਾਲੀ ਦਲ ’ਚ ਹੀ ਹਨ ਪਰ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਮਲੂਕਾ ਪ੍ਰਵਾਰ ਦੇ ਮੈਂਬਰਾਂ ਦੀ ਇਸ ਕਾਰਵਾਈ ਨੂੰ ਲੈ ਕੇ ਕਾਫ਼ੀ ਨਾਰਾਜ਼ ਦਸੇ ਜਾਂਦੇ ਹਨ। ਉਧਰ ਮਲੂਕਾ ਵੀ ਅਪਣੇ ਵਲੋ ਫ਼ਿਲਹਾਲ ਕੋਈ ਪਹਿਲ ਨਹੀਂ ਕਰਨਾ ਚਾਹੁੰਦੇ ਪਰ ਉਹ ਵੀ ਅਪਣੇ ਨੂੰਹ-ਪੁੱਤ ਨਾਲ ਜਾਣ ਲਈ ਪਾਲਾ ਬਦਲਣ ਲਈ ਢੁਕਵੇਂ ਮੌਕੇ ਦੀ ਉਡੀਕ ’ਚ ਹਨ।

ਮਲੂਕਾ ਨੇ ਕਾਫ਼ੀ ਦਿਨਾਂ ਦੀ ਚੁੱਪ ਬਾਅਦ ਜਿਹੜਾ ਪਹਿਲਾ ਬਿਆਨ ਅਪਣੇ ਨੂੰਹ ਪੁੱਤ ਦੇ ਕਦਮ ਨੂੰ ਲੈ ਕੇ ਦਿਤਾ ਹੈ, ਉਸ ਦੇ ਕਈ ਸ਼ਬਦ ਅਰਥ ਭਰਪੂਰ ਕਹੇ ਜਾ ਸਕਦੇ ਹਨ। ਉਨ੍ਹਾਂ ਨੂੰਹ ਪਰਮਪਾਲ ਕੌਰ ਵਲੋਂ ਵੀ ਮੀਡੀਆ ’ਚ ਦਿਤੀ ਟਿਪਣੀਆਂ ਜ਼ਿਕਰਯੋਗ ਹਨ। ਭਾਵੇਂ ਮਲੂਕਾ ਨੇ ਕਿਹਾ ਹੈ ਕਿ ਉਹ ਅਕਾਲੀ ਦਲ ’ਚ ਹੀ ਹਨ ਪਰ ਪਾਰਟੀ ਲੀਡਰਸ਼ਿਪ ਉਨ੍ਹਾਂ ਦੇ ਬਿਆਨ ਉਪਰ ਹੁਣ ਭਰੋਸਾ ਕਰਨ ਲਈ ਤਿਆਰ ਨਹੀਂ। ਇਸ ਦਾ ਹੀ ਨਤੀਜਾ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਮਸਲੇ ’ਤੇ ਵਿਚਾਰ ਲਈ ਪਿੰਡ ਬਾਦਲ ’ਚ ਮਲੂਕਾ ਪ੍ਰਵਾਰ ਦੇ ਪ੍ਰਭਾਵ ਵਾਲੇ ਰਾਮਪੁਰਾ ਫੂਲ ਅਤੇ ਮੌੜ ਹਲਕਿਆਂ ਦੇ ਪ੍ਰਮੁੱਖ ਆਗੂਆਂ ਦੀ ਮੀਟਿੰਗ ਸੱਦੀ ਗਈ।

ਇਸ ਤੋਂ ਪਹਿਲਾਂ ਮੀਟਿੰਗ ’ਚ ਸਭ ਤੋਂ ਪਹਿਲਾਂ ਮਲੂਕਾ ਨੂੰ ਹਲਕਾ ਮੌੜ ਦੇ ਇੰਚਾਰਜ ਦੇ ਅਹੁਦੇ ਤੋਂ ਹਟਾਇਆ ਗਿਆ ਹੈ। ਉਨ੍ਹਾਂ ਦੀ ਥਾਂ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਨੂੰ ਇੰਚਾਰਜ ਲਾਇਆ ਗਿਆ ਹੈ, ਜੋ ਇਸ ਹਲਕੇ ਤੋਂ ਜਿੱਤ ਕੇ ਬਾਦਲ ਸਰਕਾਰ ’ਚ ਮੰਤਰੀ ਬਣੇ ਸਲ। ਇਹ ਵੀ ਜ਼ਿਕਰਯੋਗ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਮਲੂਕਾ ਵੀ ਮੌੜ ਤੋਂ ਟਿਕਟ ਮੰਗਦੇ ਸਨ ਅਤੇ ਅਪਣੇ ਪੁੱਤਰ ਲਈ ਰਾਮਪੁਰਾ ਫੂਲ ਤੋਂ ਟਿਕਟ ਮੰਗੀ ਸੀ। ਦੋ ਟਿਕਟਾਂ ਤੋਂ ਨਾ ਹੋਣ ਬਾਅਦ ਉਹ ਨਾਰਾਜ਼ ਹੋ ਗਏ ਸਭ ਅਤੇ ਉਸ ਸਮੇਂ ਵੀ ਮਲੂਕਾ ਦੇ ਭਾਜਪਾ ’ਚ ਜਾਣ ਦੇ ਚਰਚੇ ਚੱਲੇ ਸਨ ਪਰ ਬਾਅਦ ’ਚ ਸੁਖੀਬਰ ਬਾਦਲ ਨੇ ਉਨ੍ਹਾਂ ਨੂੰ ਮਨਾ ਲਿਆ ਸੀ ਅਤੇ ਮਲੂਕਾ ਖ਼ੁਦ ਰਾਮਪੁਰਾ ਫੂਲ ਹਲਕੇ ਤੋਂ ਹੀ ਲੜੇ ਸਨ।

ਮੌੜ ਹਲਕੇ ਤੋਂ ਉਸ ਸਮੇਂ ਹਰਸਿਮਰਤ ਬਾਦਲ ਦੀ ਸਿਫਾਰਿਸ਼ ਉਪਰ ਜਗਮੀਤ ਬਰਾੜ ਨੂੰ ਮੌੜ ਤੋਂ ਟਿਕਟ ਦਿਤੀ ਗਈ ਸੀ, ਜੋ ਤੀਜੇ ਨੰਬਰ ’ਤੇ ਰਹੇ ਸਨ। ਅਸਲ ਇਸ ਸਮੇਂ ਦੀ ਨਾਰਾਜ਼ਗੀ ਮਲੂਕਾ ਪ੍ਰਵਾਰ ਅੰਦਰ ਕਿਸੇ ਨਾ ਕਿਸੇ ਰੂਪ ’ਚ ਚਲਦੀ ਸੀ, ਜਿਸ ਦਾ ਨਤੀਜਾ ਹੈ ਕਿ ਉਨ੍ਹਾਂ ਦੇ ਬੇਟੇ ਅਤੇ ਜ਼ਿਲ੍ਹਾ ਪ੍ਰਧਾਨ ਦੇ ਚੇਅਰਮੈਨ ਰਹੇ ਗੁਰਪ੍ਰੀਤ ਅਤੇ ਨੂੰਹ ਪਰਮਪਾਲ ਕੌਰ ਨੇ ਆਈਏਐਸ ਦਾ ਅਹੁਦਾ ਛੱਡ ਕੇ ਭਾਜਪਾ ’ਚ ਜਾਣ ਦਾ ਕਦਮ ਚੁਕਿਆ। ਗੁਰਪ੍ਰੀਤ ਅਪਣੇ ਪਿਤਾ ਦੀ ਰਾਮਪੁਰਾ ਫੂਲ ਹਲਕੇ ’ਚ ਚੋਣ ਮੁਹਿੰਮ ਦਾ ਕੰਮ ਖ਼ੁਦ ਦੇਖਦੇ ਸਨ। ਮਲੂਕਾ ਪ੍ਰਵਾਰ ਦਾ ਰਾਮਪੁਰਾ ਫੂਲ ਅਤੇ ਨਾਲ ਲੱਗਦੇ ਮੌੜ ਹਲਕੇ ’ਚ ਚੰਗਾ ਪ੍ਰਭਾਵ ਹੋਣ ਕਾਰਨ ਫ਼ਰੀਦਕੋਟ ਤੇ ਬਠਿੰਡਾ ਲੋਕ ਸਭਾ ਹਲਕਿਆਂ ’ਚ ਅਕਾਲੀ ਦਲ ਨੂੰ ਵੱਡਾ ਨੁਕਸਾਨ ਹੈ। ਪਰਮਪਾਲ ਨੂੰ ਭਾਜਪਾ ਦੀ ਟਿਕਟ ਮਿਲਣ ’ਤੇ ਅਕਾਲੀ ਦਲ ਦੀ ਹਰਸਿਮਰਤ ਬਾਦਲ ਦੇ ਵੋਟ ਬੈਂਕ ਨੂੰ ਸ਼ਹਿਰੀ ਖੇਤਰਾਂ ’ਚ ਖੋਰਾ ਲੱਗੇਗਾ। ਕਿਉਂਕਿ ਪਹਿਲਾਂ ਦੋਵੇਂ ਇਕੱਠੇ ਲੋਕ ਸਭਾ ਲੜੇ ਸਨ ਅਤੇ ਇਸ ਵਾਰ ਇਕੱਲੇ ਇਕੱਲੇ ਲੜ ਰਹੇ ਹਨ।

ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੀ ਕਈ ਦਿਨਾਂ ਦੇ ਚਲ ਰਹੇ ਚਰਚਿਆਂ ਬਾਰੇ ਚੁੱਪ ਰਹਿਣ ਬਾਅਦ ਪਹਿਲੀ ਵਾਰ ਅਪਣੀ ਨੂੰਹ ਤੇ ਪੁੱਤਰ ਦੇ ਕਦਮ ਬਾਰੇ ਬੋਲੇ ਹਨ। ਉਨ੍ਹਾਂ ਕਿਹਾ ਕਿ ਉਹ ਬਾਲਗ਼ ਹਨ ਅਤੇ ਕੋਈ ਬੱਚੇ ਨਹੀਂ। ਇਹ ਉਨ੍ਹਾਂ ਦਾ ਅਪਣਾ ਫ਼ੈਸਲਾ ਹੈ ਤੇ ਇਸ ਲਈ ਉਹ ਆਜ਼ਾਦ ਹਨ। ਉਨ੍ਹਾਂ ਕਿਹਾ ਕਿ ਮੈਂ ਤਾਂ ਉਨ੍ਹਾਂ ਨੂੰ ਰੋਕਿਆ ਸੀ ਪਰ ਬੱਚਿਆਂ ਦੀ ਅਪਣੀ ਮਰਜ਼ੀ ਹੈ। ਪਰਮਪਾਲ ਕੌਰ ਨੂੰ ਭਾਜਪਾ ਟਿਕਟ ਮਿਲਣ ਬਾਰੇ ਉਨ੍ਹਾਂ ਕਿਹਾ ਕਿ ਹਾਲੇ ਕੁੱਝ ਨਹੀਂ ਪਤਾ ਪਰ ਜੇ ਟਿਕਟ ਮਿਲਦੀ ਹੈ ਤਾਂ ਮੌਕੇ ਮੁਤਾਬਕ ਦੇਖਾਂਗੇ ਕੀ ਕਰਨਾ ਹੈ। ਉਨ੍ਹਾਂ ਕਿਹਾ ਕਿ ਮੈਂ ਹਾਲੇ ਅਕਾਲੀ ਦਲ ’ਚ ਹੀ ਹਾਂ ਅਤੇ ਅਗਲੇ ਕਦਮ ਬਾਰੇ ਮੌਕਾ ਆਉਣ ’ਤੇ ਦਸਾਂਗਾ। ਉਨ੍ਹਾਂ ਨੂੰ ਮੌੜ ਹਲਕੇ ਦੇ ਇੰਚਾਰਜ ਅਹੁਦੇ ਤੋਂ ਹਟਾਏ ਜਾਣ ਬਾਰੇ ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਪਾਰਟੀ ਪ੍ਰਧਾਨ ਹਨ ਅਤੇ ਪਾਰਟੀ ਦੇ ‘ਮਾਲਕ’ ਹਨ, ਜਿਸ ਨੂੰ ਮਰਜ਼ੀ ਹਟਾ ਜਾਂ ਲਾ ਸਕਦੇ ਹਨ। ਇਹ ਉਨ੍ਹਾਂ ਦਾ ਅਧਿਕਾਰ ਹੈ। ਇਥੇ ਮਾਲਕ ਸ਼ਬਦ ਦੇ ਮਾਇਨੇ ਖ਼ੁਦ ਸਮਝੇ ਜਾ ਸਕਦੇ ਹਨ।