ਦੁਨੀਆ ਦੀ ਸਭ ਤੋਂ ਵੱਡੀ ਸ਼ਰਾਬ ਕੰਪਨੀ Diageo ਦੇ ਭਾਰਤੀ ਮੂਲ ਦੇ CEO ਦਾ ਹੋਇਆ ਦੇਹਾਂਤ

ਦੁਨੀਆ ਦੀ ਸਭ ਤੋਂ ਵੱਡੀ ਸ਼ਰਾਬ ਕੰਪਨੀ Diageo ਦੇ ਭਾਰਤੀ ਮੂਲ ਦੇ CEO ਦਾ ਹੋਇਆ ਦੇਹਾਂਤ

ਦੁਨੀਆ ਦੀ ਸਭ ਤੋਂ ਵੱਡੀ ਸ਼ਰਾਬ ਕੰਪਨੀ ਡਿਆਜੀਓ ਦੇ ਭਾਰਤੀ ਮੂਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਇਵਾਨ ਮੈਨੁਅਲ ਮੇਨੇਜ਼ੇਸ ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ ਹੈ। ਇਹ ਜਾਣਕਾਰੀ ਕੰਪਨੀ ਵਲੋਂ ਦਿੱਤੀ ਗਈ ਹੈ। ਸਿਹਤ ਠੀਕ ਨਾ ਹੋਣ ਕਾਰਨ ਮੇਨੇਜ਼ੇਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਦੱਸ ਦੇਈਏ ਕਿ ਪੁਣੇ ਵਿੱਚ ਜਨਮੇ ਮੇਨੇਜ਼ੇਸ ਦੇ ਪਿਤਾ ਮੈਨੂਅਲ ਮੇਨੇਜ਼ੇਸ ਭਾਰਤੀ ਰੇਲਵੇ ਬੋਰਡ ਦੇ ਚੇਅਰਮੈਨ ਸਨ।

ਸੂਤਰਾਂ ਅਨੁਸਾਰ 64 ਸਾਲਾ ਮੇਨੇਜੇਸ ਇਸ ਮਹੀਨੇ ਦੇ ਅੰਤ 'ਚ ਰਿਟਾਇਰ ਹੋਣ ਵਾਲੇ ਸਨ। ਉਨ੍ਹਾਂ ਨੂੰ ਢਿੱਡ ਦੇ ਅਲਸਰ ਅਤੇ ਹੋਰ ਪੇਚੀਦਗੀਆਂ ਦੇ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਲੰਡਨ ਵਿੱਚ ਹੋਈ ਉਹਨਾਂ ਮੌਤ ਦੇ ਕਾਰਨਾਂ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ। ਡਿਆਜੀਓ ਨੇ ਸੋਮਵਾਰ ਨੂੰ ਘੋਸ਼ਣਾ ਕੀਤੀ ਕਿ ਮੇਨੇਜ਼ੇਸ ਦਾ ਇਲਾਜ ਚੱਲ ਰਿਹਾ ਹੈ ਅਤੇ ਸੀਈਓ-ਨਿਯੁਕਤ ਡੇਬਰਾ ਕਰੂਜ਼ ਅੰਤਰਿਮ ਆਧਾਰ 'ਤੇ ਜਲਦੀ ਸਿਖਰਲਾ ਅਹੁਦਾ ਸੰਭਾਲਣਗੇ।

ਡਿਏਜੀਓ ਨੇ ਇੱਕ ਬਿਆਨ ਵਿੱਚ ਕਿਹਾ: "ਵੀਕਐਂਡ ਵਿੱਚ ਸਾਨੂੰ ਪਤਾ ਲੱਗਾ ਕਿ ਅਲਸਰ ਦੀ ਸਰਜਰੀ ਅਤੇ ਕਈ ਹੋਰ ਪੇਚੀਦਗੀਆਂ ਤੋਂ ਬਾਅਦ ਇਵਾਨ ਦੀ ਹਾਲਤ ਖ਼ਰਾਬ ਹੋ ਗਈ ਸੀ।" ਮੇਨੇਜ਼ੇਸ ਨੇ ਦਿੱਲੀ ਦੇ ਵੱਕਾਰੀ ਸੇਂਟ ਸਟੀਫਨ ਕਾਲਜ ਅਤੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ-ਅਹਿਮਦਾਬਾਦ ਤੋਂ ਪੜ੍ਹਾਈ ਕੀਤੀ ਸੀ। ਗਿਨੀਜ਼ ਅਤੇ ਗ੍ਰੈਂਡ ਮੈਟਰੋਪੋਲੀਟਨ ਦੇ ਵਿਲੀਨ ਹੋਣ ਤੋਂ ਬਾਅਦ ਮੇਨੇਜ਼ੇਸ 1997 ਵਿੱਚ ਡਿਆਜੀਓ ਵਿੱਚ ਸ਼ਾਮਲ ਹੋਏ। ਉਹ ਜੁਲਾਈ 2012 ਵਿੱਚ ਕੰਪਨੀ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਜੁਲਾਈ 2013 ਵਿੱਚ ਮੁੱਖ ਕਾਰਜਕਾਰੀ ਅਧਿਕਾਰੀ ਬਣੇ।