- Updated: September 21, 2026 07:16 PM
ਬੀਤੇ ਦਿਨੀਂ ਹਲਕਾ ਦਿੜ੍ਹਬਾ ਦੇ ਪਿੰਡ ਰੋਗਲਾ ਵਿਖੇ ਪਿੰਡ ਦੇ ਇੱਕ ਘਰ ਵਿੱਚ ਇੱਕ ਦਰਜਨ ਦੇ ਕਰੀਬ ਲੋਕਾਂ ਵੱਲੋਂ ਦਾਖ਼ਲ ਹੋ ਕੇ ਇੱਕ ਨੋਜਵਾਨ ਵਿਅਕਤੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਕਰਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਉਕਤ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਜਸਕਰਨ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਰੋਗਲਾ ਵਜੋਂ ਹੋਈ ਹੈ।
ਇਸ ਮਾਮਲੇ ਸਬੰਧੀ ਮ੍ਰਿਤਕ ਦੇ ਭਰਾ ਗੁਰਵਿੰਦਰ ਸਿੰਘ ਵੱਲੋਂ ਥਾਣਾ ਦਿੜ੍ਹਬਾ ਵਿਖੇ ਲਿਖਵਾਏ ਗਏ ਬਿਆਨ ਅਨੁਸਾਰ ਉਸ ਨੇ ਦੱਸਿਆ ਕਿ ਮੇਰਾ ਛੋਟਾ ਭਰਾ ਜਸਵਿੰਦਰ ਸਿੰਘ 26 ਸਾਮ ਸਮੇਂ ਬਾਹਰੋਂ ਪੂਰਾ ਘਬਰਾਇਆ ਹੋਇਆ ਘਰ ਆਇਆ ਤਾਂ ਉਸ ਦੇ ਪਿੱਛੇ ਮੇਰੇ ਹੀ ਪਿੰਡ ਦੇ ਕੁੱਝ ਲੋਕ ਜਿੰਨ੍ਹਾਂ ਦੇ ਹੱਥਾਂ ਵਿੱਚ ਲੋਹੇ ਦੀ ਗਰਾਰੀ, ਡਾਗਾਂ , ਕੁਤਕਾ ਤੇ ਰਾੜ ਆਦਿ ਸਨ ਜਿੰਨਾਂ ਨੇ ਘਰ ਅੰਦਰ ਦਾਖਲ ਹੁੰਦਿਆਂ ਮੇਰੇ ਭਰਾ ਜਸਕਰਨ ਸਿੰਘ ਦੇ ਸਿਰ ਵਿੱਚ ਕੁਤਕਾ ਅਤੇ ਲੋਹੇ ਦਾ ਰਾੜ ਮਾਰਿਆ ਜਿਸ ਨਾਲ ਮੇਰਾ ਭਰਾ ਨੀਚੇ ਗਿਰ ਗਿਆ ਜਦੋਂ ਮੇਰੇ ਮਾਤਾ ਜੀ ਛੁਡਵਾਉਣ ਲੱਗੇ ਤਾਂ ਉਸ ਦੀ ਵੀ ਕੁੱਟਮਾਰ ਕੀਤੀ। ਜਿਸ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਨੇੜਲੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਸਕਰਨ ਸਿੰਘ ਦੀ ਹਾਲਤ ਜਿਆਦਾ ਗੰਭੀਰ ਹੋਣ ਕਰਕੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਸੰਗਰੂਰ ਵਿਖੇ ਦਾਖਲ ਕਰਵਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ। ਪਟਿਆਲਾ ਵਿਖੇ ਵੀ ਹਾਲਤ ਨਾਜ਼ੁਕ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਭੇਜ ਦਿੱਤਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਪੋਸਟ ਮਾਰਟਮ ਕਰਵਾਉਣ ਉਪਰੰਤ ਲਾਸ ਵਾਰਸ਼ਾਂ ਦੇ ਹਵਾਲੇ ਕਰ ਦਿੱਤੀ।
ਇਹ ਵੀ ਪਤਾ ਲੱਗਿਆ ਹੈ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਪਹਿਲਾਂ ਪੁਲਸ ਤੋਂ ਕਤਲ ਦੇ ਕਥਿਤ ਦੋਸੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਰੱਖੀ ਤੇ ਫਿਰ ਸੰਸਕਾਰ ਕਰਨ ਲਈ ਕਿਹਾ ਪਰੰਤੂ ਪੁਲਸ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੇ ਦਿੱਤੇ ਭਰੋਸੇ ਤੋਂ ਬਾਅਦ ਪਰਿਵਾਰ ਵਾਲੇ ਮੰਨ ਗਏ। ਜਿਸ ਤੋਂ ਬਾਅਦ ਮ੍ਰਿਤਕ ਨੌਜਵਾਨ ਦਾ ਪਿੰਡ ਰੋਗਲਾ ਦੇ ਸਮਸਾਨਘਾਟ ਵਿੱਚ ਸੰਸਕਾਰ ਕਰ ਦਿੱਤਾ ਗਿਆ। ਇਸ ਸਬੰਧੀ ਥਾਣਾ ਮੁਖੀ ਦਿੜ੍ਹਬਾ ਨੇ ਦੱਸਿਆ ਕਿ ਥਾਣਾ ਦਿੜ੍ਹਬਾ ਵਿਖੇ 2 ਔਰਤਾਂ ਸਮੇਤ 9 ਲੋਕਾਂ ਤੇ ਬਾਈ ਨੇਮ ਅਤੇ 3-4 ਨਾਮਾਲੂਮ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।