ਫੇਸਬੁੱਕ ਤੋਂ ਐਪ ਡਾਊਨਲੋਡ ਕਰਨਾ ਨੌਜਵਾਨ ਨੂੰ ਪਿਆ ਮਹਿੰਗਾ, ਬੈਂਕ ਖਾਤਿਆਂ ''ਚੋਂ ਉੱਡੀ ਲੱਖਾਂ ਦੀ ਰਕਮ

ਫੇਸਬੁੱਕ ਤੋਂ ਐਪ ਡਾਊਨਲੋਡ ਕਰਨਾ ਨੌਜਵਾਨ ਨੂੰ ਪਿਆ ਮਹਿੰਗਾ, ਬੈਂਕ ਖਾਤਿਆਂ ''ਚੋਂ ਉੱਡੀ ਲੱਖਾਂ ਦੀ ਰਕਮ

ਸੋਸ਼ਲ ਮੀਡੀਆ 'ਤੇ ਆਉਣ ਵਾਲੇ ਅਣਜਾਣ ਲਿੰਕਾਂ ਅਤੇ ਐਪਸ ਨੂੰ ਡਾਊਨਲੋਡ ਕਰਨਾ ਲੋਕਾਂ ਲਈ ਵੱਡੀ ਮੁਸੀਬਤ ਬਣਦਾ ਜਾ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਪਠਾਨਕੋਟ ਦੇ ਥਾਣਾ ਤਾਰਾਗੜ੍ਹ ਅਧੀਨ ਆਉਂਦੇ ਪਿੰਡ ਬਖਨੂਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਨੂੰ ਫੇਸਬੁੱਕ 'ਤੇ ਸਟੈਪ ਕਾਊਂਟਿੰਗ ਐਪ ਡਾਊਨਲੋਡ ਕਰਨਾ ਮਹਿੰਗਾ ਪੈ ਗਿਆ। ਸਾਈਬਰ ਠੱਗਾਂ ਨੇ ਉਸ ਦੇ ਮੋਬਾਈਲ ਫੋਨ ਨੂੰ ਹੈਕ ਕਰਕੇ ਵੱਖ-ਵੱਖ ਬੈਂਕ ਖਾਤਿਆਂ ਵਿੱਚੋਂ ਕਰੀਬ 1 ਲੱਖ 38 ਹਜ਼ਾਰ ਰੁਪਏ ਕਢਵਾ ਲਏ।

ਜਾਣਕਾਰੀ ਅਨੁਸਾਰ ਪਿੰਡ ਬਖਨੂਰ ਦੇ ਰਹਿਣ ਵਾਲੇ ਰੋਹਿਤ ਨੇ ਪੁਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 22 ਨਵੰਬਰ 2026 ਨੂੰ ਉਹ ਆਪਣੇ ਘਰ ਵਿੱਚ ਮੋਬਾਈਲ ਫੋਨ 'ਤੇ ਫੇਸਬੁੱਕ ਚਲਾ ਰਿਹਾ ਸੀ। ਇਸ ਦੌਰਾਨ ਉਸ ਦੀ ਸਕਰੀਨ 'ਤੇ 'ਸਟੈਪ ਕਾਊਂਟਿੰਗ' ਐਪ ਸਬੰਧੀ ਜਾਣਕਾਰੀ ਸਾਹਮਣੇ ਆਈ। ਐਪ ਡਾਊਨਲੋਡ ਕਰਨ ਲਈ ਦਿੱਤੇ ਲਿੰਕ 'ਤੇ ਕਲਿੱਕ ਕਰਦੇ ਹੀ ਉਸ ਦਾ ਮੋਬਾਈਲ ਫੋਨ ਹੈਕ ਹੋ ਗਿਆ।

ਇਸ ਤੋਂ ਬਾਅਦ ਸਾਈਬਰ ਠੱਗਾਂ ਨੇ ਉਸ ਦੇ ਮੋਬਾਈਲ ਫੋਨ ਦਾ ਐਕਸੈੱਸ ਹਾਸਲ ਕਰਕੇ ਵੱਖ-ਵੱਖ ਬੈਂਕ ਖਾਤਿਆਂ ਵਿੱਚੋਂ ਕਈ ਗੈਰ-ਕਾਨੂੰਨੀ ਟ੍ਰਾਂਜੈਕਸ਼ਨਾਂ ਰਾਹੀਂ ਕੁੱਲ 1 ਲੱਖ 38 ਹਜ਼ਾਰ ਰੁਪਏ ਕਢਵਾ ਲਏ। ਆਪਣੇ ਨਾਲ ਹੋਈ ਠੱਗੀ ਦਾ ਪਤਾ ਲੱਗਣ 'ਤੇ ਪੀੜਤ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ।

ਇਸ ਮਾਮਲੇ ਵਿੱਚ ਥਾਣਾ ਸਾਈਬਰ ਕ੍ਰਾਈਮ ਪਠਾਨਕੋਟ  ਦੇ  ਇੰਸਪੈਕਟਰ ਅਮਿਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ  ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।