DRDO ਦੇ ਵਿਗਿਆਨੀ ਖਿਲਾਫ਼ ਚਾਰਜਸ਼ੀਟ ਦਾਇਰ,ਪਾਕਿਸਤਾਨੀ ਜਾਸੂਸ ਨੂੰ ਦਿੱਤੀ ਸੀ ਬ੍ਰਹਮੋਸ,ਅਗਨੀ-6 ਨਾਲ ਜੁੜੀ ਅਹਿਮ ਜਾਣਕਾਰੀ

DRDO ਦੇ ਵਿਗਿਆਨੀ ਖਿਲਾਫ਼ ਚਾਰਜਸ਼ੀਟ ਦਾਇਰ,ਪਾਕਿਸਤਾਨੀ ਜਾਸੂਸ ਨੂੰ ਦਿੱਤੀ ਸੀ ਬ੍ਰਹਮੋਸ,ਅਗਨੀ-6 ਨਾਲ ਜੁੜੀ ਅਹਿਮ ਜਾਣਕਾਰੀ

ਪਾਕਿਸਤਾਨੀ ਜਾਸੂਸ ਨੂੰ ਗੁਪਤ ਜਾਣਕਾਰੀਆਂ ਮੁਹੱਈਆ ਕਰਾਉਣ ਦੇ ਦੋਸ਼ ’ਚ ਗਿ੍ਰਫਤਾਰ ਕੀਤੇ ਗਏ ਡੀਆਰਡੀਓ ਦੇ ਸਿਖਰਲੇ ਵਿਗਿਆਨੀ ਪ੍ਰਦੀਪ ਕੁਰੂਲਕਰ ਵਿਰੁੱਧ ਮਹਾਰਾਸ਼ਟਰ ਏਟੀਐੱਸ ਨੇ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਪੁਣੇ ਦੀ ਸੈਸ਼ਨ ਅਦਾਲਤ ’ਚ ਦਾਖ਼ਲ 1700 ਸਫਿਆਂ ਦੀ ਚਾਰਜਸ਼ੀਟ ’ਚ ਏਟੀਐੱਸ ਨੇ ਅਪਰਾਧ ਦੀ ਗੰਭੀਰਤਾ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਹੈ।

ਏਟੀਐੱਸ ਨੇ ਕਿਹਾ ਕਿ ਕੁਰੂਲਕਰ ਨੇ ਬ੍ਰਹਮੋਸ ਤੇ ਅਗਨੀ-6 ਨਾਲ ਜੁੜੀਆਂ ਜਾਣਕਾਰੀਆਂ ਵੀ ਪਾਕਿਸਤਾਨੀ ਜਾਸੂਸ ਨਾਲ ਸਾਂਝੀਆਂ ਕੀਤੀਆਂ। ਇਸ ਤੋਂ ਇਲਾਵਾ ਉਨ੍ਹਾਂ ਸਤ੍ਹਾ ’ਚ ਹਵਾ ’ਚ ਮਾਰ ਕਰਨ ਵਾਲੀ ਮਿਜ਼ਾਈਲ, ਐਂਟੀ ਸੈਟੇਲਾਈਟ ਮਿਜ਼ਾਈਲ, ਰੁਸਤਮ ਡੀਆਰਡੀਓ (ਮਨੁੱਖੀ ਰਹਿਤ ਜਹਾਜ਼), ਰਾਫੇਲ, ਹਲਾ ਨਾਲ ਹਵਾ ’ਚ ਮਾਰ ਕਰਨ ਵਾਲੀ ਅਸਤਰ ਮਿਜ਼ਾਈਲ ਸਮੇਤ ਵੱਖ ਵੱਖ ਰੱਖਿਆ ਤਕਨੀਕਾਂ ਨਾਲ ਸਬੰਧਤ ਅਹਿਮ ਵੇਰਵਾ ਪਾਕਿਸਤਾਨੀ ਜਾਸੂਸ ਨੂੰ ਦਿੱਤਾ।

                  Image

ਦੱਸ ਦੇਈਏ ਕਿ ਇਕ ਪਾਕਿਸਤਾਨੀ ਮਹਿਲਾ ਨੇ ਜ਼ਾਰਾ ਦਾਸ ਗੁਪਤਾ ਬਣ ਕੇ ਕੁਰੂਲਕਰ ਨੂੰ ਹਨੀਟ੍ਰੈਪ ’ਚ ਫਸਾਇਆ ਸੀ। ਇਸ ਤੋਂ ਬਾਅਦ ਉਹ ਸੰਵੇਦਨਸ਼ੀਲ ਤੇ ਗੁਪਤ ਜਾਣਕਾਰੀ ਉਸ ਮਹਿਲਾ ਨਾਲ ਸਾਂਝੀ ਕਰਨ ਲੱਗੇ। ਸੂਚਨਾਵਾਂ ਦਾ ਇਹ ਲੈਣ-ਦੇਣ ਆਨਲਾਈਨ ਚੈਟਿੰਗ ਦੌਰਾਨ ਹੁੰਦਾ ਸੀ। ਏਟੀਐੱਸ ਨੇ ਚਾਰਜਸ਼ੀਟ ’ਚ ਇਹ ਵੀ ਕਿਹਾ ਕਿ ਕੁਰੂਲਕਰ ਨੇ ਆਪਣੇ ਮੋਬਾਈਲ ’ਚ ਕੁਝ ਸਾਫਟਵੇਅਰ ਵੀ ਡਾਊਨਲੋਡ ਕੀਤੇ ਸੀ। ਇਨ੍ਹਾਂ ਸਾਫਟਵੇਅਰਾਂ ਦੀ ਮਦਦ ਨਾਲ ਪਾਕਿਸਤਾਨੀ ਜਾਸੂਸ ਨੇ ਵੱਧ ਸੰਵੇਦਨਸ਼ੀਲ ਜਾਣਕਾਰੀ ਇਕੱਠੀ ਕੀਤੀ ਹੋਵੇਗੀ। ਕਾਨੂੰਨੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਕੁਰੂਲਕਰ ਦੇ ਵਕੀਲ ਨੂੰ ਸ਼ੁੱਕਰਵਾਰ ਨੂੰ ਰਸਮੀ ਤੌਰ ’ਤੇ ਚਾਰਜਸ਼ੀਟ ਸੌਂਪੀ ਗਈ। ਇਸਦਾ ਮੰਤਵ ਇਹ ਯਕੀਨੀ ਕਰਨਾ ਸੀ ਕਿ ਮੁਲਜ਼ਮ ਵਿਗਿਆਨੀ ਤੇ ਉਸਦੀ ਕਾਨੂੰਨੀ ਟੀਮ ਨੂੰ ਉਸ ਵਿਰੁੱਧ ਲਾਏ ਗਏ ਦੋਸ਼ਾਂ ਦੇ ਸਬੰਧ ’ਚ ਸੂਚਿਤ ਕਰ ਦਿੱਤਾ ਗਿਆ ਹੈ।

ਵ੍ਹਟਸਐਪ ਰਾਹੀਂ ਸਨ ਸੰਪਰਕ ’ਚ
ਏਟੀਐੱਸ ਅਨੁਸਾਰ, ਕੁਰੂਲਕਰ ਤੇ ਪਾਕਿਸਤਾਨੀ ਮਹਿਲਾ ਬੀਤੇ ਸਾਲ ਜੂਨ ਤੋਂ ਦਸੰਬਰ ਤਕ ਇਕ-ਦੂਜੇ ਦੇ ਸੰਪਰਕ ’ਚ ਸਨ। ਉਹ ਵ੍ਹਟਸਐਪ ਦੇ ਨਾਲ ਨਾਲ ਵਾਇਸ ਤੇ ਵੀਡੀਓ ਕਾਲ ਰਾਹੀਂ ਵੀ ਸੰਪਰਕ ’ਚ ਸਨ। ਕੁਰੂਲਕਰ ਦੀਆਂ ਸ਼ੱਕੀ ਸਰਗਰਮੀਆਂ ਦਾ ਪਤਾ ਲੱਗਣ ’ਤੇ ਡੀਆਰਡੀਓ ਨੇ ਅੰਦਰੂਨੀ ਜਾਂਚ ਸ਼ੁਰੂ ਕੀਤੀ ਪਰ ਜਾਂਚ ਤੋਂ ਪਹਿਲਾਂ ਹੀ ਉਨ੍ਹਾਂ ਬੀਤੀ ਫਰਵਰੀ ’ਚ ਜ਼ਾਰਾ ਦਾ ਨੰਬਰ ਬਲਾਕ ਕਰ ਦਿੱਤਾ ਸੀ। ਕੁਰੂਲਕਰ ਨੂੰ ਤਿੰਨ ਮਈ ਨੂੰ ਗਿ੍ਰਫਤਾਰ ਕੀਤਾ ਗਿਆ। ਜ਼ਾਰਾ ਨੇ ਖੁਦ ਨੂੰ ਬਿ੍ਰਟੇਨ ’ਚ ਸਾਫਟਵੇਅਰ ਇੰਜੀਨੀਅਰ ਦੱਸਿਆ ਸੀ। ਜਾਂਚ ’ਚ ਉਸਦਾ ਆਈਪੀ ਐਡਰੈੱਸ ਪਾਕਿਸਤਾਨ ਪਾਇਆ ਗਿਆ ਸੀ।