- Updated: May 14, 2024 07:35 PM
ਸੁਪਰੀਮ ਕੋਰਟ ਨੇ ਯੋਗ ਗੁਰੂ ਰਾਮਦੇਵ ਤੇ ਉਨ੍ਹਾਂ ਦੇ ਸਹਿਯੋਗੀ ਬਾਲਾ ਕ੍ਰਿਸ਼ਨ ਦੀ ਕੰਪਨੀ ਪਤੰਜਲੀ ਆਯੁਰਵੇਦ ਲਿਮੀਟਿਡ ਨੂੰ ਭਰਮਾਉਣ ਵਾਲੇ ਵਿਗਿਆਪਨਾਂ ਦੇ ਮਾਮਲੇ 'ਚ ਜਾਰੀ ਕੀਤੇ ਗਏ ਮਾਣਹਾਨੀ ਨੋਟਿਸ 'ਚ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। ਜਸਟਿਸ ਹਿਮਾ ਕੋਹਲੀ ਤੇ ਅਹਿਸਾਨੁੱਦੀਨ ਅਮਾਨੁੱਲਾ ਦੇ ਬੈਂਚ ਨੇ ਇਸ ਗੱਲ ਦਾ ਨੋਟਿਸ ਲਿਆ ਹੈ ਕਿ ਪਤੰਜਲੀ ਦਾ ਪੱਖ ਰੱਖ ਰਹੇ ਵਕੀਲ ਨੇ ਕੰਪਨੀ ਦੇ 3 ਉਤਪਾਦਾਂ ਦੇ ਵਿਗਿਆਪਨ ਵਾਪਸ ਲੈਣ ਲਈ ਚੁੱਕੇ ਜਾ ਰਹੇ ਕਦਮਾਂ ਦੀ ਜਾਣਕਾਰੀ ਦੇਣ ਵਾਲਾ ਹਲਫ਼ਨਾਮਾ ਦਾਖਲ ਕਰਨ ਲਈ ਸਮਾਂ ਮੰਗਿਆ ਹੈ।
ਅਦਾਲਤ ਵੱਲੋਂ ਇਨ੍ਹਾਂ 3 ਉਤਪਾਦਾਂ ਦਾ ਲਾਇਸੈਂਸ ਸਸਪੈਂਡ ਕਰ ਦਿੱਤਾ ਗਿਆ ਹੈ। ਬੈਂਚ ਨੇ 3 ਹਫ਼ਤਿਆਂ ਦੇ ਅੰਦਰ ਹਲਫ਼ਨਾਮਾ ਦਾਖਲ ਕਰਵਾਉਣ ਦਾ ਆਦੇਸ਼ ਦਿੱਤਾ ਹੈ। ਅਦਾਲਤ ਨੇ ਅੱਗੇ ਕਿਹਾ ਕਿ ਪ੍ਰਤੀਵਾਦੀ ਨੰਬਰ 5 ਤੋਂ 7 (ਪਤੰਜਲੀ ਆਯੁਰਵੇਦ ਲਿਮੀਟਿਡ, ਬਾਲਕ੍ਰਿਸ਼ਨ ਤੇ ਰਾਮਦੇਵ) ਨੂੰ ਜਾਰੀ ਕੀਤੇ ਗਏ ਮਾਣਹਾਨੀ ਨੋਟਿਸ 'ਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਗਿਆ ਹੈ।
ਸੁਣਵਾਈ ਦੌਰਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ਦੇ ਪ੍ਰਧਾਨ ਆਰਵੀ ਅਸ਼ੋਕਨ ਨੇ ਇੱਕ ਤਾਜ਼ਾ ਇੰਟਰਵਿਊ ਵਿੱਚ ਸੁਪਰੀਮ ਕੋਰਟ ਦੇ ਖਿਲਾਫ ਦਿੱਤੇ ਗਏ ਆਪਣੇ ਬਿਆਨਾਂ ਲਈ ਬੈਂਚ ਤੋਂ ਬਿਨਾਂ ਸ਼ਰਤ ਮੁਆਫੀ ਮੰਗੀ ਹੈ। ਇਸ ਇੰਟਰਵਿਊ 'ਚ ਅਸ਼ੋਕਨ ਨੇ ਪਤੰਜਲੀ ਆਯੁਰਵੇਦ ਨਾਲ ਜੁੜੇ ਗੁੰਮਰਾਹਕੁੰਨ ਇਸ਼ਤਿਹਾਰਾਂ ਦੇ ਮੁੱਦੇ 'ਤੇ ਸਵਾਲਾਂ ਦੇ ਜਵਾਬ ਦਿੱਤੇ ਸਨ। ਜਸਟਿਸ ਕੋਹਲੀ ਨੇ ਅਸ਼ੋਕਨ ਨੂੰ ਕਿਹਾ, "ਤੁਸੀਂ ਅਰਾਮ ਨਾਲ ਸੋਫੇ 'ਤੇ ਬੈਠ ਕੇ ਪ੍ਰੈਸ ਨੂੰ ਇੰਟਰਵਿਊ ਨਹੀਂ ਦੇ ਸਕਦੇ ਹੋ ਅਤੇ ਅਦਾਲਤ 'ਤੇ ਟਿੱਪਣੀਆਂ ਨਹੀਂ ਕਰ ਸਕਦੇ ਹੋ।"
ਅਦਾਲਤ ਨੇ ਸਵਾਮੀ ਰਾਮਦੇਵ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ 'ਤੇ ਲੋਕ ਬਹੁਤ ਭਰੋਸਾ ਕਰਦੇ ਹਨ, ਇਸ ਗੱਲ ਨੂੰ ਜਾਣਦਿਆਂ ਰਾਮਦੇਵ ਨੂੰ ਇਸ ਭਰੋਸੇ ਨੂੰ ਸਕਾਰਾਤਮਕ ਤਰੀਕੇ ਨਾਲ ਵਰਤਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਸ ਤਰ੍ਹਾਂ ਲੋਕ ਉਨ੍ਹਾਂ ਦੇ ਦਿਖਾਏ ਰਸਤਿਆਂ 'ਤੇ ਚਲਦੇ ਹਨ, ਉਸ ਨੂੰ ਦੇਖਦੇ ਹੋਏ ਉਹ ਲੋਕਾਂ ਦੀ ਇਸ ਆਸਥਾ ਨੂੰ ਹਲਕੇ 'ਚ ਨਹੀਂ ਲੈ ਸਕਦੇ, ਤੇ ਇਹੀ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ।
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ 7 ਮਈ ਨੂੰ ਮਾਮਲੇ ਦੀ ਸੁਣਵਾਈ ਕਰਦਿਆਂ ਅਸ਼ੋਕਨ ਦੇ ਬਿਆਨਾਂ ਨੂੰ 'ਬਹੁਤ ਹੀ ਅਸਵੀਕਾਰਨਯੋਗ' ਕਰਾਰ ਦਿੱਤਾ ਸੀ। ਉੱਤਰਾਖੰਡ ਰਾਜ ਲਾਇਸੈਂਸਿੰਗ ਅਥਾਰਟੀ (ਐੱਸ.ਐੱਲ.ਏ.) ਨੇ ਪਹਿਲਾਂ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਪਤੰਜਲੀ ਆਯੁਰਵੇਦ ਲਿਮਟਿਡ ਅਤੇ ਦਿਵਿਆ ਫਾਰਮੇਸੀ ਦੇ 14 ਉਤਪਾਦਾਂ ਦੇ ਨਿਰਮਾਣ ਲਾਇਸੈਂਸ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਸੀ।