BJP ਨੇ ''ਆਪ'' ਦੀ 40 ਉਮੀਦਵਾਰਾਂ ਵਾਲੀ ਪਹਿਲੀ ਸੂਚੀ ਨੂੰ ਦੱਸਿਆ ''ਪੰਜਾਬ ਬਰਬਾਦ ਕਰਨ ਵਾਲਿਆਂ ਦੀ ਸੂਚੀ''

BJP ਨੇ ''ਆਪ'' ਦੀ 40 ਉਮੀਦਵਾਰਾਂ ਵਾਲੀ ਪਹਿਲੀ ਸੂਚੀ ਨੂੰ ਦੱਸਿਆ ''ਪੰਜਾਬ ਬਰਬਾਦ ਕਰਨ ਵਾਲਿਆਂ ਦੀ ਸੂਚੀ''

ਆਮ ਆਦਮੀ ਪਾਰਟੀ ਵੱਲੋਂ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੇ ਜਾਣ 'ਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਲਿਸਟ 40 ਉਮੀਦਵਾਰਾਂ ਦੀ ਨਹੀਂ, ਬਲਕਿ ਪੰਜਾਬ ਦੀ ਬਰਬਾਦੀ ਦੇ 40 ਹਿੱਸੇਦਾਰਾਂ ਦੀ ਲਿਸਟ ਹੈ। ਇਹ ਸੂਚੀ ਇਮਾਨਦਾਰ ਅਤੇ ਜਨਤਕ ਸੇਵਾ ਕਰਨ ਵਾਲੇ ਵਿਅਕਤੀਆਂ ਦੀ ਨਹੀਂ ਹੈ, ਸਗੋਂ ਗੰਭੀਰ ਦੋਸ਼ਾਂ ਅਤੇ ਵਿਵਾਦਾਂ ਵਿੱਚ ਘਿਰੇ ਆਗੂਆਂ ਦੀ ਹੈ।

ਉਨ੍ਹਾਂ ਕਿਹਾ ਕਿ ਸੂਚੀ ਵਿਚ ਸ਼ਾਮਲ ਬਹੁਤ ਸਾਰੇ ਉਮੀਦਵਾਰਾਂ 'ਤੇ ਭ੍ਰਿਸ਼ਟਾਚਾਰ, ਧੋਖਾਧੜੀ, ਮਨੀ ਲਾਂਡਰਿੰਗ ਅਤੇ ਹੋਰ ਗੰਭੀਰ ਮਾਮਲਿਆਂ ਦੇ ਦੋਸ਼ ਹਨ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ "'ਆਪ' ਉਮੀਦਵਾਰ ਪਹਿਲਾਂ ਐਲਾਨੇ ਜਾਂ ਬਾਅਦ ਵਿਚ, ਪੰਜਾਬ ਦੇ ਲੋਕਾਂ ਨੇ ਇਨ੍ਹਾਂ ਨੂੰ ਹੁਣ ਦੁਬਾਰਾ ਮੂੰਹ ਨਹੀਂ ਲਾਉਣਾ। ਝੂਠੇ ਵਾਅਦਿਆਂ ਦੇ ਜਾਲ ਵਿਚ ਪੰਜਾਬ ਇਕ ਵਾਰ ਫਸ ਚੁੱਕਾ ਹੈ, ਦੂਜੀ ਵਾਰ ਨਹੀਂ ਫਸੇਗਾ।"

ਸੂਬਾ ਪ੍ਰਧਾਨ ਨੇ ਕਿਹਾ ਕਿ 'ਆਪ' ਦਾ ਬਦਲਾਅ ਪੰਜਾਬ ਨੂੰ ਬਹੁਤ ਮਹਿੰਗਾ ਪਿਆ ਹੈ ਅਤੇ ਸਰਕਾਰ ਹਰ ਮੋਰਚੇ 'ਤੇ ਨਿਕੰਮੀ ਸਾਬਤ ਹੋਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਤੋਂ ਹਾਰ ਕੇ ਆਏ ਪਾਰਟੀ ਦੇ ਆਕਾਵਾਂ ਅਤੇ ਵਿਧਾਇਕਾਂ ਨੇ ਪੰਜ ਸਾਲ ਪੰਜਾਬ ਨੂੰ ਰੱਜ ਕੇ ਲੁੱਟਿਆ ਹੈ ਅਤੇ ਹੁਣ ਦੁਬਾਰਾ ਲੁੱਟ ਦੀ ਤਿਆਰੀ ਵਿਚ ਹਨ, ਜਿਸ ਨੂੰ ਪੰਜਾਬ ਦੇ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ।

ਢਿੱਲੋਂ ਨੇ ਕਿਹਾ ਕਿ ਪੰਜ ਸਾਲਾਂ ਵਿਚ ਇਨ੍ਹਾਂ ਨੇ ਪੰਜਾਬ ਦਾ ਸਤਿਆਨਾਸ਼ ਕਰ ਦਿੱਤਾ ਹੈ। ਜਿਨ੍ਹਾਂ ਚਿਹਰਿਆਂ ਨੂੰ ਪਾਰਟੀ ਨੇ ਮੁੜ ਮੈਦਾਨ ਵਿਚ ਉਤਾਰਿਆ ਹੈ, ਉਹ ਪੌਣੇ ਪੰਜ ਸਾਲ ਤੋਂ ਸੱਤਾ ਵਿਚ ਹਨ ਅਤੇ ਪੰਜਾਬ ਦੀ ਬਰਬਾਦੀ ਵਿਚ ਬਰਾਬਰ ਦੇ ਭਾਈਵਾਲ ਹਨ। ਉਨ੍ਹਾਂ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਪੰਜਾਬ ਵਿਚ ਲਾਅ ਐਂਡ ਆਰਡਰ ਨਾਮ ਦੀ ਕੋਈ ਚੀਜ਼ ਨਹੀਂ ਬਚੀ। ਹਰ ਰੋਜ਼ ਕਤਲ, ਫਿਰੌਤੀਆਂ ਅਤੇ ਗੋਲੀਆਂ ਦੀ ਗੂੰਜ ਸੁਣਾਈ ਦੇ ਰਹੀ ਹੈ। ਸਰਕਾਰ ਨਸ਼ਾ ਰੋਕਣ ਵਿਚ ਬੁਰੀ ਤਰ੍ਹਾਂ ਫੇਲ੍ਹ ਰਹੀ ਹੈ ਅਤੇ ਹਰ ਰੋਜ਼ ਨੌਜਵਾਨ ਨਸ਼ੇ ਦੀ ਭੇਂਟ ਚੜ੍ਹ ਰਹੇ ਹਨ। ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਲੋਕ ਸਰਕਾਰ ਦੀ ਕਾਰਗੁਜ਼ਾਰੀ ਤੋਂ ਪੂਰੀ ਤਰ੍ਹਾਂ ਦੁਖੀ ਹਨ ਅਤੇ 'ਆਪ' ਵਿਧਾਇਕਾਂ ਨੂੰ ਆਪਣੇ ਪਿੰਡਾਂ ਵਿਚ ਵੜਨ ਦੇਣ ਲਈ ਤਿਆਰ ਨਹੀਂ। ਉਨ੍ਹਾਂ ਚੇਤਾਵਨੀ ਦਿੱਤੀ ਕਿ ਚੋਣ ਜ਼ਾਬਤਾ ਲੱਗਦਿਆਂ ਹੀ ਪਿੰਡਾਂ ਵਿਚ 'ਆਪ' ਆਗੂਆਂ ਦਾ ਦਾਖ਼ਲਾ ਬੰਦ ਹੋ ਜਾਵੇਗਾ।

ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਹਿਸਾਬ ਲੈਣ ਦੇ ਮੂਡ ਵਿਚ ਹਨ ਅਤੇ ਆਉਣ ਵਾਲੀਆਂ ਚੋਣਾਂ ਵਿਚ 'ਆਪ' ਨੂੰ ਇਸ ਲੁੱਟ ਅਤੇ ਬਰਬਾਦੀ ਦਾ ਜਵਾਬ ਦੇਣਾ ਪਵੇਗਾ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਇੱਕੋ ਇਕ ਉਮੀਦ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੋਂ ਹੈ। ਪੰਜਾਬ ਵਿਚ ਨਸ਼ਾ, ਗੈਂਗਸਟਰਵਾਦ ਤੇ ਭ੍ਰਿਸ਼ਟਾਚਾਰ ਦੇ ਖ਼ਾਤਮੇ ਦਾ ਕੰਮ ਭਾਜਪਾ ਹੀ ਕਰੇਗੀ‌ ਅਤੇ ਇੱਥੋਂ ਦੀ ਵਿਗੜੀ ਕਾਨੂੰਨ ਵਿਵਸਥਾ ਵੀ ਭਾਜਪਾ ਹੀ ਠੀਕ ਕਰੇਗੀ। ਜਿਸ ਕਰਕੇ ਪੰਜਾਬ ਦੇ ਲੋਕ 2027 ਵਿਚ ਡਬਲ ਇੰਜਣ ਦੀ ਸਰਕਾਰ ਬਣਾਉਣਗੇ। ਢਿੱਲੋਂ ਨੇ ਕਿਹਾ ਕਿ ਭਾਜਪਾ 117 ਸੀਟਾਂ ਉਪਰ ਤਿਆਰੀ ਹੈ ਅਤੇ ਆਉਣ ਵਾਲੀ ਸਰਕਾਰ ਭਾਜਪਾ ਦੀ ਹੋਵੇਗੀ।