- Updated: October 31, 2026 06:50 PM
ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਮਾਨਸਾ ਦੇ ਐੱਸ ਐੱਸ ਪੀ ਵੈਭਵ ਚੌਧਰੀ 'ਤੇ MP ਦੇ ਕੰਮ ਵਿਚ ਅੜਿੱਕਾ ਪਾਉਣ ਦਾ ਦੋਸ਼ ਲਗਾਉਂਦਿਆਂ ਲੋਕ ਸਭਾ ਸਪੀਕਰ ਅੱਗੇ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਲਿਖੀ ਚਿੱਠੀ ਵਿਚ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਨੋਟਿਸ ਨੂੰ ਸਦਨ ਦੀ ਮਾਣ-ਮਰਿਆਦਾ ਤੇ ਇੱਜ਼ਤ ਦਾ ਮਾਮਲਾ ਸਮਝਿਆ ਜਾਵੇ ਅਤੇ ਪੰਜਾਬ ਸਰਕਾਰ ਤੋਂ ਇਸ ਮਾਮਲੇ ਵਿਚ ਰਿਪੋਰਟ ਤਲਬ ਕੀਤੀ ਜਾਵੇ ਕਿ ਦਲਜੀਤ ਸਿੰਘ ਦੀ ਲਾਸ਼ ਨੂੰ ਪੁਲਸ ਵੱਲੋਂ ਪਰਿਵਾਰ ਤੋਂ ਜ਼ਬਰਦਸਤੀ ਕਿਉਂ ਖੋਹਿਆ ਗਿਆ।
ਅਕਾਲੀ ਆਗੂ ਨੇ 29 ਅਕਤੂਬਰ ਨੂੰ ਐੱਸ. ਐੱਸ. ਪੀ. ਨਾਲ ਹੋਈ ਗੱਲਬਾਤ ਦੇ ਵੇਰਵੇ ਵੀ ਸਪੀਕਰ ਕੋਲ ਪੇਸ਼ ਕਰਦਿਆਂ ਇਹ ਦੋਸ਼ ਲਗਾਇਆ ਕਿ ਉਸ ਨੇ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਹੀ ਨਿਭਾਈ। ਉਨ੍ਹਾਂ ਕਿਹਾ ਕਿ ਐੱਸ. ਐੱਸ. ਪੀ. ਨੇ ਫ਼ੋਨ 'ਤੇ ਗੱਲਬਾਤ ਦੌਰਾਨ ਉਨ੍ਹਾਂ ਨੂੰ ਵਾਰ-ਵਾਰ ਟੋਕਿਆ ਅਤੇ ਉਨ੍ਹਾਂ ਨੂੰ ਗ਼ਲਤ ਬਿਰਤਾਂਤ ਸਿਰਜਣ ਤੇ ਗੁੰਮਰਾਹ ਹੋਣ ਦਾ ਦੋਸ਼ ਵੀ ਲਗਾਇਆ। ਸੰਸਦ ਮੈਂਬਰ ਨੇ ਇਹ ਵੀ ਆਖਿਆ ਕਿ ਐੱਸ. ਐੱਸ. ਪੀ. ਨੇ ਇਹ ਦਾਅਵਾ ਵੀ ਕੀਤਾ ਕਿ ਪੁਲਸ ਨੇ ਕਾਨੂੰਨ-ਵਿਵਸਥਾ ਬਣਾਈ ਰੱਖਣ ਵਾਸਤੇ ਲਾਸ਼ ਆਪਣੇ ਕਬਜ਼ੇ ਵਿਚ ਲਈ ਸੀ ਅਤੇ ਇਹ ਵੀ ਕਿਹਾ ਕਿ ਪਰਿਵਾਰ ਏਮਜ਼ ਬਠਿੰਡਾ ਤੋਂ ਲਾਸ਼ ਲੈ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਐੱਸ ਐੱਸ ਪੀ ਨੇ ਦਲਜੀਤ ਸਿੰਘ ਦੀ ਮ੍ਰਿਤਕ ਦੇਹ ਪਰਿਵਾਰ ਦੀ ਮਰਜ਼ੀ ਤੋਂ ਬਗੈਰ ਧੱਕੇ ਨਾਲ ਲੈ ਕੇ ਜਾਣ ਦਾ ਵੀ ਕੋਈ ਜਵਾਬ ਨਹੀਂ ਦਿੱਤਾ।
ਹਰਸਿਮਰਤ ਨੇ ਕਿਹਾ ਕਿ ਐੱਸ. ਐੱਸ. ਪੀ. ਦਾ ਕਹਿਣਾ ਹੈ ਕਿ ਦਲਜੀਤ ਸਿੰਘ ਦੇ ਪਿਤਾ ਜਰਨੈਲ ਸਿੰਘ ਨੂੰ ਪੁਲਸ ਵੱਲੋਂ ਗ੍ਰਿਫ਼ਤਾਰ ਕਰਨ ਦੀ ਉਸ ਕੋਲ ਕੋਈ ਜਾਣਕਾਰੀ ਨਹੀਂ ਹੈ ਅਤੇ ਸਲਾਹ ਦਿੱਤੀ ਕਿ ਕੇਸ ਵਿੱਚ ਲਾਪਤਾ ਦੀ ਰਿਪੋਰਟ ਦਰਜ ਕਰਵਾ ਦਿੱਤੀ ਜਾਵੇ। ਉਨ੍ਹਾਂ ਨੇ ਸਪੀਕਰ ਨੂੰ ਅਪੀਲ ਕੀਤੀ ਕਿ ਉਹ ਐੱਸ. ਐੱਸ. ਪੀ. ਵੈਭਵ ਚੌਧਰੀ ਖ਼ਿਲਾਫ਼ ਮਾਣਹਾਨੀ ਦੀ ਕਾਰਵਾਈ ਦੀ ਪ੍ਰਵਾਨਗੀ ਦੇਣ।