- Updated: September 29, 2026 04:50 PM
ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ-7 ਦੇ ਅਧੀਨ ਪੈਂਦੀ ਸੰਜੈ ਗਾਂਧੀ ਕਾਲੋਨੀ ਤੋਂ ਇੱਕ ਬੇਹੱਦ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਭਾਰੀ ਨਸ਼ੇ ਦੀ ਹਾਲਤ 'ਚ ਧੁੱਤ ਇੱਕ ਮੁਟਿਆਰ ਵੱਲੋਂ ਘਰਾਂ ਦੇ ਦਰਵਾਜ਼ੇ ਖੜਕਾਉਣ ਅਤੇ ਡੋਰ ਬੈੱਲ ਵਜਾਉਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਵੀਡੀਓ ਸ਼੍ਰੋਮਣੀ ਅਕਾਲੀ ਦਲ ਦੇ ਸਥਾਨਕ ਕੌਂਸਲਰ ਚਤਰਵੀਰ ਸਿੰਘ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਗਈ ਹੈ, ਜਿਸ ਤੋਂ ਬਾਅਦ ਪੁਲਸ ਅਤੇ ਪ੍ਰਸ਼ਾਸਨ ਦੇ ਨਸ਼ਾ ਵਿਰੋਧੀ ਦਾਅਵਿਆਂ 'ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਵਾਇਰਲ ਵੀਡੀਓ 'ਚ ਚਿੱਟੀ ਸ਼ਰਟ ਪਾਈ ਇਹ ਮੁਟਿਆਰ ਬੁਰੀ ਤਰ੍ਹਾਂ ਲੜਖੜਾਉਂਦੀ ਨਜ਼ਰ ਆ ਰਹੀ ਹੈ ਅਤੇ ਉਸ ਦੀ ਸਰੀਰਕ ਹਾਲਤ ਇੰਨੀ ਖ਼ਰਾਬ ਸੀ ਕਿ ਉਹ ਆਪਣੇ ਪੈਰਾਂ 'ਤੇ ਠੀਕ ਤਰ੍ਹਾਂ ਖੜ੍ਹ ਵੀ ਨਹੀਂ ਸੀ ਸਕਦੀ।
ਮੌਕੇ 'ਤੇ ਪਹੁੰਚ ਕੇ ਜਦੋਂ ਕੌਂਸਲਰ ਚਤਰਵੀਰ ਸਿੰਘ ਨੇ ਉਸ ਤੋਂ ਨਾਂ, ਪਤਾ ਜਾਂ ਪਰਿਵਾਰ ਬਾਰੇ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਨਸ਼ੇ ਦੀ ਲੋਰ 'ਚ ਇੱਕ ਸ਼ਬਦ ਵੀ ਸਪੱਸ਼ਟ ਨਹੀਂ ਬੋਲ ਸਕੀ। ਉਸ ਦੀ ਹਾਲਤ ਤੋਂ ਸਾਫ਼ ਜ਼ਾਹਰ ਹੁੰਦਾ ਸੀ ਕਿ ਉਸ ਨੇ ਕਿਸੇ ਖ਼ਤਰਨਾਕ ਸਿੰਥੈਟਿਕ ਜਾਂ ਭਾਰੀ ਨਸ਼ੇ ਦਾ ਸੇਵਨ ਕੀਤਾ ਹੋਇਆ ਸੀ। ਅਕਾਲੀ ਕੌਂਸਲਰ ਚਤਰਵੀਰ ਸਿੰਘ ਨੇ ਦੋਸ਼ ਲਗਾਇਆ ਕਿ ਸੰਜੈ ਗਾਂਧੀ ਕਾਲੋਨੀ ਅਤੇ ਉਨ੍ਹਾਂ ਦੇ ਵਾਰਡ 'ਚ ਨਸ਼ਾ ਤਸਕਰੀ ਦੀਆਂ ਜੜ੍ਹਾਂ ਕਾਫ਼ੀ ਡੂੰਘੀਆਂ ਹੋ ਚੁੱਕੀਆਂ ਹਨ ਅਤੇ ਤਸਕਰ ਬਿਨਾਂ ਕਿਸੇ ਪੁਲਸ ਖ਼ੌਫ਼ ਦੇ ਸ਼ਰੇਆਮ ਨਸ਼ਾ ਵੇਚ ਰਹੇ ਹਨ। ਉਨ੍ਹਾਂ ਦੱਸਿਆ ਕਿ ਕੁੱਝ ਮਹੀਨੇ ਪਹਿਲਾਂ ਵੀ ਉਨ੍ਹਾਂ ਨੇ ਇਲਾਕੇ 'ਚ ਇੱਕ ਔਰਤ ਨੂੰ ਸ਼ਰੇਆਮ ਨਸ਼ਾ ਵੇਚਦਿਆਂ ਰੰਗੇ ਹੱਥੀਂ ਫੜ੍ਹ ਕੇ ਪੁਲਸ ਹਵਾਲੇ ਕੀਤਾ ਸੀ। ਕੌਂਸਲਰ ਅਨੁਸਾਰ ਪੁਲਸ ਵੱਲੋਂ ਪੱਕੀ ਕਾਰਵਾਈ ਨਾ ਕੀਤੇ ਜਾਣ ਕਾਰਨ ਅੱਜ ਹਾਲਾਤ ਇਹ ਬਣ ਗਏ ਹਨ ਕਿ ਨੌਜਵਾਨ ਕੁੜੀਆਂ ਵੀ ਇਸ ਘਾਤਕ ਨਸ਼ੇ ਦਾ ਸ਼ਿਕਾਰ ਹੋ ਕੇ ਗਲੀਆਂ ਵਿੱਚ ਬੇਸੁੱਧ ਘੁੰਮ ਰਹੀਆਂ ਹਨ ਦੂਜੇ ਪਾਸੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਾਇਰਲ ਵੀਡੀਓ ਉਨ੍ਹਾਂ ਦੇ ਧਿਆਨ 'ਚ ਆ ਗਈ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕ ਜਾਂਚ-ਪੜਤਾਲ ਅਤੇ ਮੁਟਿਆਰ ਦੀ ਪਛਾਣ ਟ੍ਰੇਸ ਹੋਣ ਤੋਂ ਬਾਅਦ ਹੀ ਅਸਲ ਸਥਿਤੀ ਸਪੱਸ਼ਟ ਹੋ ਸਕੇਗੀ।