ਨਸ਼ੀਲੇ ਪਦਾਰਥ ਮਿਲੇ ਗੁਰਦੁਆਰਾ ਸਾਹਿਬ ''ਚ ਕਤਲ ਕਰਨ ਵਾਲੇ ਮੰਗੂ ਮੱਠ ਦੇ ਖੂਨ ''ਚ , ਡੋਪ ਟੈਸਟ ''ਚ ਹੋਇਆ ਖੁਲਾਸਾ

ਨਸ਼ੀਲੇ ਪਦਾਰਥ ਮਿਲੇ ਗੁਰਦੁਆਰਾ ਸਾਹਿਬ ''ਚ ਕਤਲ ਕਰਨ ਵਾਲੇ ਮੰਗੂ ਮੱਠ ਦੇ ਖੂਨ ''ਚ , ਡੋਪ ਟੈਸਟ ''ਚ ਹੋਇਆ ਖੁਲਾਸਾ

ਕਪੂਰਥਲਾ ਦੇ ਗੁਰਦੁਆਰੇ 'ਚ ਨੌਜਵਾਨ ਦਾ ਕਤਲ ਕਰਨ ਵਾਲੇ ਨਿਹੰਗ ਰਮਨਦੀਪ ਸਿੰਘ ਮੰਗੂ ਮੱਠ ਦਾ ਸਿਵਲ ਹਸਪਤਾਲ 'ਚ ਪੁਲਿਸ ਨੇ ਡੋਪ ਟੈਸਟ ਕਰਵਾਇਆ। ਮੀਡੀਆ ਰਿਪੋਰਟਾਂ ਮੁਤਾਬਕ ਮੰਗੂ ਦੇ ਖੂਨ 'ਚ ਨਸ਼ੀਲੇ ਪਦਾਰਥ ਮਿਲੇ ਹਨ। ਡਾਕਟਰਾਂ ਨੇ ਉਸ ਦੇ ਖੂਨ ਦੇ ਨਮੂਨੇ ਵਿਚ ਬੁਪ੍ਰੇਨੋਰਫਾਈਨ, ਬੈਂਜੋਡਾਇਆਜ਼ੇਪੀਨ ਅਤੇ ਮੋਰਫਿਨ ਪਾਇਆ।

ਮੰਗੂ ਨੇ 16 ਜਨਵਰੀ ਮੰਗਲਵਾਰ ਤੜਕੇ ਕਰੀਬ 3 ਵਜੇ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿਤਾ ਸੀ। ਉਸ ਖ਼ਿਲਾਫ਼ ਲੁਧਿਆਣਾ ਦੇ ਵੱਖ-ਵੱਖ ਥਾਣਿਆਂ ਵਿਚ 9 ਐਫਆਈਆਰ ਦਰਜ ਹਨ। ਇਕ ਸਾਲ ਪਹਿਲਾਂ ਉਸ ਨੇ ਅੰਮ੍ਰਿਤਸਰ ਵਿੱਚ ਤਲਵਾਰ ਨਾਲ ਇੱਕ ਨਿਹੰਗ ਦਾ ਹੱਥ ਵੱਢ ਦਿਤਾ ਸੀ। ਏਡੀਜੀਪੀ ਗੁਰਿੰਦਰ ਢਿੱਲੋਂ ਨੇ ਦੱਸਿਆ ਕਿ ਮੰਗੂ ਮੱਠ ਨੇ ਪ੍ਰਚਾਰ ਲਈ ਨੌਜਵਾਨ ਦਾ ਕਤਲ ਕੀਤਾ ਸੀ। ਉਹ ਇੱਕ ਪੇਸ਼ੇਵਰ ਅਪਰਾਧੀ ਹੈ। ਗੁਰਦੁਆਰਾ ਸਾਹਿਬ ਵਿੱਚ ਕੋਈ ਬੇਅਦਬੀ ਨਹੀਂ ਹੋਈ। ਮੁਲਜ਼ਮ ਦੀ ਆਮਦਨ ਦਾ ਸਰੋਤ ਵੀ ਸ਼ੱਕੀ ਹੈ, ਜਿਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਹ ਸੋਸ਼ਲ ਮੀਡੀਆ 'ਤੇ ਅਜਿਹੀਆਂ ਵੀਡੀਓਜ਼ ਪੋਸਟ ਕਰਕੇ ਫੰਡ ਇਕੱਠਾ ਕਰਦਾ ਹੈ ਅਤੇ ਅਪਰਾਧੀ ਮਾਨਸਿਕਤਾ ਵਾਲਾ ਵਿਅਕਤੀ ਹੈ।

ਏਡੀਜੀਪੀ ਨੇ ਕਿਹਾ ਕਿ ਕਾਤਲ ਦਾ ਧਰਮ ਨਾਲ ਕੋਈ ਸਬੰਧ ਨਹੀਂ ਹੈ। ਉਹ ਵੀ ਨਿਹੰਗ ਦਾ ਬਾਣਾ (ਪਹਿਰਾਵਾ) ਸਿਰਫ਼ ਪੈਸਾ ਇਕੱਠਾ ਕਰਨ ਲਈ ਹੀ ਪਹਿਨਦਾ ਹੈ। ਕਾਤਲ ਨੇ ਆਤਮ ਰੱਖਿਆ ਵਿਚ ਨੌਜਵਾਨ ਦਾ ਕਤਲ ਨਹੀਂ ਕੀਤਾ। ਪੁਲਿਸ ਹੁਣ ਧਾਰਾ ਨੂੰ ਸੋਧਣ ਦੀ ਯੋਜਨਾ ਤਿਆਰ ਕਰ ਰਹੀ ਹੈ। ਇਸ ਮਾਮਲੇ ਵਿਚ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਪੱਤਰ ਲਿਖਿਆ ਹੈ। ਜਿਸ 'ਚ ਉਨ੍ਹਾਂ ਨੇ ਪੁਲਿਸ 'ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਲਿਖਿਆ ਕਿ ਨੌਜਵਾਨ ਦੇ ਕਤਲ ਦੀ ਸੂਚਨਾ ਤਿੰਨ ਘੰਟੇ ਪਹਿਲਾਂ ਦਿਤੇ ਜਾਣ ਦੇ ਬਾਵਜੂਦ ਪੁਲਿਸ ਸਮੇਂ ਸਿਰ ਕੇਸ ਨੂੰ ਨਜਿੱਠਣ ਵਿਚ ਨਾਕਾਮ ਰਹੀ।

ਹਾਲਾਂਕਿ ਮਾਮਲੇ ਦੀ ਜਾਂਚ ਕਰ ਰਹੇ ਫਗਵਾੜਾ ਦੇ ਐਸਪੀ ਗੁਰਪ੍ਰੀਤ ਸਿੰਘ ਨੇ ਅਜਿਹੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੁਲਿਸ ਨੂੰ ਸੂਚਿਤ ਕੀਤਾ ਗਿਆ ਉਦੋਂ ਤੱਕ ਕਤਲ ਹੋ ਚੁੱਕਾ ਸੀ।  ਨਿਹੰਗ ਖਿਲਾਫ ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ 4 ਵਿਚ ਮੋਟਰਸਾਈਕਲ ਚੋਰੀ ਅਤੇ ਅਸਲਾ ਐਕਟ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ਨੂੰ ਕਾਲਾ ਕਰਨ ਦੇ ਮਾਮਲੇ ਵਿੱਚ ਸਲੇਮ ਟਾਬਰੀ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਇਸ ਦੇ ਨਾਲ ਹੀ ਸ਼ੰਭੂ ਬਾਰਡਰ 'ਤੇ ਵੀ ਉਸ ਨੂੰ ਹਥਿਆਰਾਂ ਸਮੇਤ ਫੜਿਆ ਗਿਆ ਸੀ ਅਤੇ ਉਥੇ ਮਾਮਲਾ ਦਰਜ ਕੀਤਾ ਗਿਆ ਸੀ।

ਇੱਕ ਸਾਲ ਪਹਿਲਾਂ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਨਿਹੰਗਾਂ ਦੇ ਦੋ ਧੜਿਆਂ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਇਸ ਦੌਰਾਨ ਰਮਨਦੀਪ ਸਿੰਘ ਮੰਗੂ ਮੱਠ ਨੇ ਆਪਣੀ ਤਲਵਾਰ ਨਾਲ ਇੱਕ ਹੋਰ ਨਿਹੰਗ ਸੁਸ਼ੀਲ ਕੁਮਾਰ ਦਾ ਹੱਥ ਵੱਢ ਦਿੱਤਾ ਸੀ। ਜਿਸ ਤੋਂ ਬਾਅਦ ਮੰਗੂ ਮੌਕੇ ਤੋਂ ਫਰਾਰ ਹੋ ਗਿਆ। 16 ਜਨਵਰੀ ਨੂੰ ਕਪੂਰਥਲਾ ਦੇ ਫਗਵਾੜਾ 'ਚ ਸਥਿਤ ਗੁਰਦੁਆਰਾ ਚੌੜਾ ਖੂਹ ਸਾਹਿਬ 'ਚ ਮੰਗੂ ਮੱਠ ਵੱਲੋਂ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ। ਕਤਲ ਬਾਰੇ ਪਤਾ ਲੱਗਦਿਆਂ ਹੀ ਪੁਲਿਸ ਉੱਥੇ ਪਹੁੰਚੀ ਉਦੋਂ ਨੂੰ ਮੰਗੂ ਮੱਠ ਨੇ ਆਪਣੇ ਆਪ ਨੂੰ ਗੁਰਦੁਆਰਾ ਸਾਹਿਬ ਅੰਦਰ ਬੰਦ ਕਰ ਲਿਆ। ਹਾਲਾਂਕਿ, ਚਾਰੇ ਪਾਸੇ ਪੁਲਿਸ ਤਾਇਨਾਤ ਹੋਣ ਤੋਂ ਬਾਅਦ ਜਦੋਂ ਉਸ ਨੇ ਆਤਮ ਸਮਰਪਣ ਕੀਤਾ ਤਾਂ ਉਸ 'ਤੇ ਫੁੱਲਾਂ ਦੀ ਵਰਖਾ ਕੀਤੀ ਗਈ।

ਉਸ ਨੇ ਨੌਜਵਾਨ ਦੇ ਕਤਲ ਤੋਂ ਪਹਿਲਾਂ ਅਤੇ ਬਾਅਦ ਵਿਚ ਦੋ ਵੀਡੀਓ ਬਣਾਈਆਂ। ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਨੌਜਵਾਨ ਇੱਥੇ ਬੇਅਦਬੀ ਕਰਨ ਆਇਆ ਸੀ। ਕਤਲ ਤੋਂ ਬਾਅਦ ਵੀਡੀਓ 'ਚ ਉਨ੍ਹਾਂ ਕਿਹਾ ਕਿ ਬੇਅਦਬੀ ਕਰਨ ਆਏ ਇਸ ਨੌਜਵਾਨ ਨੂੰ ਸਜ਼ਾ ਮਿਲ ਚੁੱਕੀ ਹੈ।