- Updated: August 19, 2023 02:11 PM
ਸਿੱਖਿਆ ਮੰਤਰੀ ਹਰਜੋਤ ਬੈਂਸ ਹੜ੍ਹ ਪ੍ਰਭਾਵਤ ਇਲਾਕਿਆਂ ਵਿਚ ਰਾਹਤ ਕਾਰਜਾਂ ਦਾ ਜਾਇਜ਼ਾ ਲੈ ਰਹੇ ਹਨ। ਇਸ ਦੌਰਾਨ ਉਹਨਾਂ ਨੂੰ ਸੱਪ ਨੇ ਡੱਸ ਲਿਆ ਜਿਸ ਦੀ ਜਾਣਕਾਰੀ ਉਹਨਾਂ ਨੇ ਖ਼ੁਦ ਅਪਣੇ ਟਵਿੱਟਰ ਹੈਂਡਲ 'ਤੇ ਦਿੱਤੀ ਹੈ। ਸੋਸ਼ਲ ਮੀਡੀਆ ’ਤੇ ਜਾਣਕਾਰੀ ਸਾਂਝੀ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਪ੍ਰਮਾਤਮਾ ਦੀ ਅਪਾਰ ਬਖਸ਼ਿਸ਼ ਨਾਲ ਮੇਰੇ ਹਲਕਾ ਸ੍ਰੀ ਆਨੰਦਪੁਰ ਸਾਹਿਬ ਵਿਚ ਹੜ੍ਹਾਂ ਕਰਕੇ ਪਾਣੀ ਭਰਨ ਕਾਰਨ ਪੈਦਾ ਹੋਏ ਹਾਲਾਤ ਹੁਣ ਕਾਫ਼ੀ ਠੀਕ ਹਨ।15 ਅਗਸਤ ਨੂੰ ਜਦੋਂ ਹਲਕੇ ਦੇ ਪਿੰਡਾਂ ਵਿਚ ਪਾਣੀ ਭਰਨ ਦੀ ਸੂਚਨਾ ਮਿਲੀ ਤਾਂ ਮੈਂ ਆਪਣੇ ਹੋਰ ਸਾਰੇ ਰੁਝੇਵੇਂ ਰੱਦ ਕਰਕੇ ਦਿਨ-ਰਾਤ ਲੋਕਾਂ ਦੀ ਸੇਵਾ ਵਿਚ ਜੁਟ ਗਿਆ।
ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਬਖਸ਼ੀ ਸੇਵਾ ਕਰਦਿਆਂ ਤਿੰਨ ਦਿਨ ਪਹਿਲਾਂ ਰਾਹਤ ਕਾਰਜਾਂ ਦੌਰਾਨ ਮੇਰੇ ਪੈਰ ’ਤੇ ਜ਼ਹਿਰੀਲਾ ਸੱਪ ਲੜ ਗਿਆ ਸੀ। ਇਲਾਜ ਦੇ ਦੌਰਾਨ ਹੀ ਮੈਂ ਵਾਪਸ ਆਪਣੇ ਲੋਕਾਂ ਦੀ ਸੇਵਾ ਵਿਚ ਜੁਟ ਗਿਆ। ਵਾਹਿਗੁਰੂ ਦੀ ਮੇਹਰ, ਆਪ ਸਭ ਦੇ ਆਸ਼ੀਰਵਾਦ, ਦੁਆਵਾਂ ਅਤੇ ਅਰਦਾਸਾਂ ਸਦਕਾ ਹੁਣ ਮੈਂ ਬਿਲਕੁਲ ਠੀਕ ਹਾਂ। ਜ਼ਹਿਰ ਕਾਰਨ ਆਈ ਸੋਜ ਘੱਟ ਰਹੀ ਹੈ। ਸਾਰੇ ਡਾਕਟਰੀ ਟੈਸਟ ਵੀ ਹੁਣ ਨਾਰਮਲ ਆਏ ਹਨ। ਤੁਹਾਡਾ ਸਾਰਿਆਂ ਦਾ ਪਿਆਰ, ਸਾਥ ਅਤੇ ਆਸ਼ੀਰਵਾਦ ਹਮੇਸ਼ਾ ਮੈਨੂੰ ਸ਼ਕਤੀ ਅਤੇ ਹੌਂਸਲਾ ਦਿੰਦਾ ਰਿਹਾ ਹੈ।