- Updated: September 28, 2023 05:37 PM
ਦੇਸ਼ ਦੀ 'ਹਰੀ ਕ੍ਰਾਂਤੀ' 'ਚ ਅਹਿਮ ਯੋਗਦਾਨ ਦੇਣ ਵਾਲੇ ਮਸ਼ਹੂਰ ਖੇਤੀ ਵਿਗਿਆਨੀ ਐੱਮ.ਐੱਸ. ਸਵਾਮੀਨਾਥਨ ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ। ਉਹ 98 ਸਾਲ ਦੇ ਸਨ। ਉਨ੍ਹਾਂ ਦੇ ਪਰਿਵਾਰ ਵਿਚ ਤਿੰਨ ਧੀਆਂ ਹਨ। ਉਨ੍ਹਾਂ ਦੀ ਇਕ ਧੀ ਡਾ. ਸੌਮਿਆ ਸਵਾਮੀਨਾਥਨ, ਵਿਸ਼ਵ ਸਿਹਤ ਸੰਗਠਨ ਦੀ ਸਾਬਕਾ ਮੁੱਖ ਵਿਗਿਆਨੀ ਹੈ। ਸਵਾਮੀਨਾਥਨ ਦਾ ਪਿਛਲੇ ਕੁਝ ਸਮੇਂ ਤੋਂ ਉਮਰ ਸਬੰਧੀ ਬੀਮਾਰੀਆਂ ਦਾ ਇਲਾਜ ਚੱਲ ਰਿਹਾ ਸੀ। ਉਨ੍ਹਾਂ ਅੱਜ ਸਵੇਰੇ 11.15 ਵਜੇ ਆਪਣੀ ਰਿਹਾਇਸ਼ 'ਤੇ ਆਖਰੀ ਸਾਹ ਲਿਆ।
ਪ੍ਰਧਾਨ ਮੰਤਰੀ ਵਲੋਂ ਸਵਾਮੀਨਾਥਨ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ
ਪ੍ਰਧਾਨ ਮੰਤਰੀ ਮੋਦੀ ਨੇ 'ਐਕਸ' (ਪਹਿਲਾਂ ਟਵਿੱਟਰ) 'ਤੇ ਪੋਸਟਾਂ ਦੀ ਇਕ ਲੜੀ 'ਚ ਕਿਹਾ ਕਿ ਡਾ. ਐੱਮ.ਐਸ. ਸਵਾਮੀਨਾਥਨ ਦੇ ਦੇਹਾਂਤ ਤੋਂ ਬਹੁਤ ਦੁਖੀ ਹਾਂ। ਸਾਡੇ ਦੇਸ਼ ਦੇ ਇਤਿਹਾਸ ਦੇ ਇਕ ਬਹੁਤ ਹੀ ਨਾਜ਼ੁਕ ਦੌਰ 'ਚ ਖੇਤੀਬਾੜੀ ਖੇਤਰ 'ਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਨੇ ਲੱਖਾਂ ਲੋਕਾਂ ਦੇ ਜੀਵਨ ਨੂੰ ਬਦਲ ਦਿੱਤਾ ਅਤੇ ਸਾਡੇ ਦੇਸ਼ ਲਈ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀਬਾੜੀ 'ਚ ਉਨ੍ਹਾਂ ਦੇ ਕ੍ਰਾਂਤੀਕਾਰੀ ਯੋਗਦਾਨ ਤੋਂ ਇਲਾਵਾ ਸਵਾਮੀਨਾਥਨ ਇਕ 'ਪਾਵਰਹਾਊਸ' ਵੀ ਸਨ। ਖੋਜ ਪ੍ਰਤੀ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਅਤੇ ਲੋਕਾਂ ਲਈ ਇਕ ਪ੍ਰਤੀਨਿਧੀ ਵਜੋਂ ਉਨ੍ਹਾਂ ਦੀ ਭੂਮਿਕਾ ਨੇ ਅਣਗਿਣਤ ਵਿਗਿਆਨੀਆਂ ਅਤੇ ਖੋਜਕਾਰਾਂ 'ਤੇ ਅਮਿੱਟ ਛਾਪ ਛੱਡੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਮੈਂ ਹਮੇਸ਼ਾ ਡਾ. ਸਵਾਮੀਨਾਥਨ ਨਾਲ ਆਪਣੀ ਗੱਲਬਾਤ ਨੂੰ ਹਮੇਸ਼ਾ ਸੰਜੋਕੇ ਰੱਖਾਂਗਾ।
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਵਾਮੀਨਾਥਨ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਸਿੱਧ ਖੇਤੀਬਾੜੀ ਅਰਥਸ਼ਾਸਤਰੀ ਡਾ. ਐਮ.ਐਸ. ਸਵਾਮੀਨਾਥਨ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅਪਣੇ ਸੰਦੇਸ਼ ਵਿਚ ਮੁੱਖ ਮੰਤਰੀ ਨੇ ਡਾ. ਸਵਾਮੀਨਾਥਨ ਦੇ ਦੇਹਾਂਤ ਨੂੰ ਖੇਤੀਬਾੜੀ ਵਿਗਿਆਨ ਦੇ ਖ਼ੇਤਰ ਵਿਚ ਇਕ ਯੁੱਗ ਦਾ ਅੰਤ ਦਸਿਆ। ਉਨ੍ਹਾਂ ਕਿਹਾ ਕਿ ਡਾ. ਸਵਾਮੀਨਾਥਨ ਦੇ ਯੋਗਦਾਨ ਨੂੰ ਰਹਿੰਦੀ ਦੁਨੀਆ ਤਕ ਯਾਦ ਰੱਖਿਆ ਜਾਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਪ੍ਰਸਿੱਧ ਖੇਤੀਬਾੜੀ ਵਿਗਿਆਨੀ ਦੇ ਦੇਹਾਂਤ ਨਾਲ ਇਕ ਵੱਡਾ ਖੱਪਾ ਪਿਆ ਹੈ, ਜਿਸ ਦਾ ਨੇੜ ਭਵਿੱਖ ਵਿਚ ਭਰਿਆ ਜਾਣਾ ਸੰਭਵ ਨਹੀਂ ਲੱਗਦਾ।ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਡਾ. ਸਵਾਮੀਨਾਥਨ ਦਾ ਦੇਹਾਂਤ ਦੇਸ਼ ਲਈ ਬਹੁਤ ਵੱਡਾ ਘਾਟਾ ਹੈ। ਭਗਵੰਤ ਸਿੰਘ ਮਾਨ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।
ਦੱਸ ਦੇਈਏ ਕਿ ਸਵਾਮੀਨਾਥਨ ਖੁਰਾਕ ਸੁਰੱਖਿਆ ਅਤੇ ਖੇਤੀਬਾੜੀ ਨਾਲ ਸਬੰਧਤ ਹਰ ਮਹੱਤਵਪੂਰਨ ਪਹਿਲਕਦਮੀ ਦਾ ਹਿੱਸਾ ਸਨ ਅਤੇ ਪੌਸ਼ਟਿਕ ਸੁਰੱਖਿਆ ਲਈ ਮੋਟੇ ਅਨਾਜ 'ਤੇ ਧਿਆਨ ਕੇਂਦਰਿਤ ਕਰਨ 'ਚ ਵੀ ਮਹੱਤਵਪੂਰਨ ਯੋਗਦਾਨ ਪਾਇਆ। ਉਹ 2007 ਤੋਂ 2013 ਤੱਕ ਰਾਜ ਸਭਾ ਮੈਂਬਰ ਵੀ ਰਹੇ।