ਕਿਸਾਨਾਂ ਦੇ ‘ਦਿੱਲੀ ਚੱਲੋ ਮਾਰਚ’ ਤੋਂ ਪਹਿਲਾਂ ਦਿੱਲੀ ਵਿਚ ਧਾਰਾ 144 ਹੋਈ ਲਾਗੂ

ਕਿਸਾਨਾਂ ਦੇ ‘ਦਿੱਲੀ ਚੱਲੋ ਮਾਰਚ’ ਤੋਂ ਪਹਿਲਾਂ ਦਿੱਲੀ ਵਿਚ ਧਾਰਾ 144 ਹੋਈ ਲਾਗੂ

ਕਿਸਾਨਾਂ ਦੇ 13 ਫਰਵਰੀ ਨੂੰ ਦਿੱਲੀ ਚਲੋਂ ਮਾਰਚ ਦੇ ਮੱਦੇਨਜ਼ਰ ਪੂਰੀ ਦਿੱਲੀ ਵਿਚ ਧਾਰਾ 144 ਲਾਗੂ ਕਰ ਦਿਤੀ ਗਈ ਹੈ। ਇਸ ਦੌਰਾਨ ਰਾਸ਼ਟਰੀ ਰਾਜਧਾਨੀ ਵਿਚ ਟਰੈਕਟਰ ਟਰਾਲੀ ਲਿਆਉਣ, ਸੜਕ ਜਾਮ ਕਰਨ, ਲਾਊਡ ਸਪੀਕਰਾਂ ਦੀ ਵਰਤੋਂ ਕਰਨ ਉਤੇ ਵੀ ਪਾਬੰਦੀ ਰਹੇਗੀ। ਇਹ ਹੁਕਮ 12 ਮਾਰਚ ਤਕ ਲਾਗੂ ਰਹਿਣਗੇ।

ਦਿੱਲੀ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਵਲੋਂ ਜਾਰੀ ਹੁਕਮਾਂ ਅਨੁਸਾਰ ਕੌਮੀ ਰਾਜਧਾਨੀ ਵਿਚ ਟਰੈਕਟਰਾਂ ਦੇ ਦਾਖ਼ਲੇ 'ਤੇ ਵੀ ਪਾਬੰਦੀ ਹੈ। ਬੰਦੂਕਾਂ ਅਤੇ ਜਲਣਸ਼ੀਲ ਸਮੱਗਰੀ ਦੇ ਨਾਲ-ਨਾਲ ਇੱਟਾਂ ਅਤੇ ਪੱਥਰ ਵਰਗੇ ਅਸਥਾਈ ਹਥਿਆਰਾਂ ਨੂੰ ਲੈ ਕੇ ਜਾਣ 'ਤੇ ਵੀ ਪਾਬੰਦੀ ਲਗਾਈ ਗਈ ਹੈ। ਦਰਅਸਲ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ ਜ਼ਿਆਦਾਤਰ ਕਿਸਾਨ ਜਥੇਬੰਦੀਆਂ ਨੇ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦੀ ਗਰੰਟੀ ਦੇਣ ਲਈ ਕਾਨੂੰਨ ਬਣਾਉਣ ਸਮੇਤ ਅਪਣੀਆਂ ਮੰਗਾਂ ਮੰਨਣ ਲਈ ਕੇਂਦਰ 'ਤੇ ਦਬਾਅ ਬਣਾਉਣ ਲਈ 13 ਫਰਵਰੀ ਨੂੰ ‘ਦਿੱਲੀ ਚੱਲੋ ਮਾਰਚ’ ਦਾ ਸੱਦਾ ਦਿਤਾ ਹੈ, ਜਿਸ ਤਹਿਤ ਇਹ ਸਾਰੇ ਕਿਸਾਨ ਦਿੱਲੀ ਆਉਣ ਵਾਲੇ ਹਨ।

ਦਿੱਲੀ ਪੁਲਿਸ ਦੇ ਹੁਕਮਾਂ ਅਨੁਸਾਰ ਪੈਟਰੋਲ ਅਤੇ ਸੋਡੇ ਦੀਆਂ ਬੋਤਲਾਂ ਇਕੱਠੀਆਂ ਕਰਨ 'ਤੇ ਮੁਕੰਮਲ ਪਾਬੰਦੀ ਹੈ। 12 ਫਰਵਰੀ ਤੋਂ 12 ਮਾਰਚ ਤਕ ਲਾਊਡ ਸਪੀਕਰਾਂ ਦੀ ਵਰਤੋਂ 'ਤੇ ਵੀ ਪਾਬੰਦੀ ਲਗਾਈ ਗਈ ਹੈ। ਧਾਰਾ 144 ਦੀ ਉਲੰਘਣਾ ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੇ ਹੁਕਮ ਵੀ ਦਿਤੇ ਗਏ ਹਨ। ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ, ਪੁਲਿਸ ਨੇ 5,000 ਤੋਂ ਵੱਧ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਹਨ, ਜਦਕਿ ਸੜਕਾਂ ਨੂੰ ਰੋਕਣ ਲਈ ਕਰੇਨ ਅਤੇ ਹੋਰ ਭਾਰੀ ਵਾਹਨ ਤਾਇਨਾਤ ਕੀਤੇ ਗਏ ਹਨ। ਰਾਸ਼ਟਰੀ ਰਾਜਧਾਨੀ 'ਚ 13 ਫਰਵਰੀ ਨੂੰ ਕਿਸਾਨਾਂ ਦੇ ਪ੍ਰਸਤਾਵਿਤ 'ਦਿੱਲੀ ਚੱਲੋ' ਮਾਰਚ ਦੇ ਮੱਦੇਨਜ਼ਰ ਸਿੰਘੂ, ਗਾਜ਼ੀਪੁਰ ਅਤੇ ਟਿੱਕਰੀ ਸਰਹੱਦਾਂ 'ਤੇ ਸੁਰੱਖਿਆ ਸਖਤ ਕਰ ਦਿਤੀ ਗਈ ਹੈ ਅਤੇ ਆਵਾਜਾਈ 'ਤੇ ਪਾਬੰਦੀਆਂ ਲਗਾਈਆਂ ਗਈਆਂ ਹਨ।

'ਦਿੱਲੀ ਚੱਲੋ' ਅੰਦੋਲਨ ਲਈ ਪੰਜਾਬ ਅਤੇ ਹਰਿਆਣਾ ਤੋਂ ਕਿਸਾਨ ਰਵਾਨਾ ਹੋਣ ਲੱਗੇ ਹਨ। ਕਿਸਾਨਾਂ ਦੇ ਅੰਦੋਲਨ ਦੇ ਮੱਦੇਨਜ਼ਰ ਪੰਜਾਬ-ਹਰਿਆਣਾ ਅਤੇ ਦਿੱਲੀ ਵਿਚ ਅਲਰਟ ਐਲਾਨ ਦਿਤਾ ਗਿਆ ਹੈ। ਕਿਸਾਨਾਂ ਦੇ ਮਾਰਚ ਤੋਂ ਪਹਿਲਾਂ ਦਿੱਲੀ ਟ੍ਰੈਫਿਕ ਪੁਲਿਸ ਨੇ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ।