- Updated: June 12, 2026 01:06 PM
ਥਾਣਾ ਮੇਹਰਬਾਨ ਦੇ ਪਿੰਡ ਸੀੜਾ ਵਿਚ ਇਕ ਕਲਯੁਗੀ ਬੇਟੇ ਵੱਲੋਂ ਆਪਣੇ ਹੀ ਘਰ ਵਿਚ ਗੇਟਾ ਦਾ ਜਿੰਦਾ ਤੋੜ ਕੇ ਅੰਦਰ ਅੱਗ ਲਗਾ ਦਿੱਤੀ ਗਈ ਜਿਸ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਜਾਂਚ ਅਧਿਕਾਰੀ ਥਾਣੇਦਾਰ ਰਾਧੇਸ਼ਾਮ ਨੇ ਦੱਸਿਆ ਕਿ ਪੁਲਸ ਨੂੰ ਸ਼ਿਕਾਇਤਕਰਤਾ ਬੁੱਧ ਰਾਮ ਪੁੱਤਰ ਦਰਸ਼ਨ ਰਾਮ ਵਾਸੀ ਪਿੰਡ ਸੀੜਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ 10 ਜੂਨ ਨੂੰ ਉਹ ਆਪਣੇ ਘਰ ਵਿਚ ਜਿੰਦਾ ਲਾ ਕੇ ਆਪਣੇ ਨਿਜੀ ਕੰਮ ਲਈ ਕਚਹਿਰੀ ਗਿਆ ਹੋਇਆ ਸੀ ਜਿਸ ਤੋਂ ਬਾਅਦ ਉਸ ਦਾ ਬੇਟੇ ਲੋਕੇਸ਼ ਕੁਮਾਰ ਵਾਸੀ ਜਲੰਧਰ ਨੇ ਗੇਟ ਦਾ ਜਿੰਦਾ ਤੋੜ ਕੇ ਘਰ ਦੇ ਅੰਦਰ ਚਲਾ ਗਿਆ ਤੇ ਘਰ ਦੇ ਅੰਦਰ ਪਏ ਸਾਮਾਨ ਨੂੰ ਲੱਗ ਲਾ ਦਿੱਤੀ।
ਇਸ ਵਿਚ ਐੱਲ.ਈ.ਡੀ., ਬੈੱਡ , ਟੀ.ਵੀ., ਸੀ.ਸੀ.ਟੀਵੀ ਕੈਮਰੇ, ਕੱਪੜੇ, ਰਾਸ਼ਨ ਆਦਿ ਸੜ ਕੇ ਸੁਆਹ ਹੋ ਗਿਆ। ਇੰਨਾ ਹੀ ਨਹੀਂ ਘਰ ਦੇ ਅੰਦਰ ਪਏ ਧਾਰਮਿਕ ਪਵਿੱਤਰ ਗ੍ਰੰਥ ਵੀ ਅੱਗ ਦੀ ਲਪੇਟ ਵਿਚ ਆ ਗਏ। ਜਾਂਚ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਮੁਤਾਬਕ ਇਸ ਹਾਦਸੇ ਵਿਚ ਕਰੀਬ 10 ਤੋਂ 15 ਲੱਖ ਰੁਪਏ ਦਾ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਅਤੇ ਉਸ ਦੇ ਬੇਟੇ ਦਾ ਪਿਛਲੇ ਕਈ ਸਾਲਾਂ ਤੋਂ ਅਦਾਲਤ ਵਿਚ ਕੇਸ ਚੱਲ ਰਿਹਾ ਹੈ ਜਿਸ ਕਾਰਨ ਲੋਕੇਸ਼ ਕੁਮਾਰ ਦੀ ਮਾਂ ਅਤੇ ਉਹ ਦੋਵੇਂ ਜਲੰਧਰ ਵਿਚ ਰਹਿੰਦੇ ਹਨ। ਉਸੇ ਰੰਜ਼ਿਸ਼ ਕਾਰਨ ਲੋਕੇਸ਼ ਕੁਮਾਰ ਨੇ ਆਪਣੇ ਪਿਤਾ ਦੇ ਘਰ ਵਿਚ ਅੱਗ ਲਾਈ ਹੈ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਜਿਸ ਤੋਂ ਬਾਅਦ ਪੁਲਸ ਨੇ ਉਕਤ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਲੋਕੇਸ਼ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਹਾਲ ਦੀ ਘੜੀ ਪੁਲਸ ਵੱਲੋਂ ਉਕਤ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।