- Updated: October 01, 2024 03:24 PM
ਅੱਜ ਜ਼ੀਰਾ ਵਿਚ ਪੰਚਾਇਤੀ ਚੋਣਾਂ ਨੂੰ ਲੈ ਕੇ ਕਾਗਜ਼ ਭਰਣ ਸਮੇਂ ਸਥਿਤੀ ਤਣਾਅਪੂਰਨ ਹੋ ਗਈ। ਇਸ ਦੌਰਾਨ ਵੱਡੇ ਪੱਧਰ 'ਤੇ ਇੱਟਾਂ ਰੋੜੇ ਵੀ ਚੱਲੇ। ਸਥਿਤੀ ਨੂੰ ਕਾਬੂ ਕਰਨ ਲਈ ਪੁਲਸ ਨੂੰ ਗੋਲ਼ੀਆਂ ਵੀ ਚਲਾਉਣੀਆਂ ਪਈਆਂ।
ਅੱਜ ਬਾਅਦ ਦੁਪਹਿਰ ਜਿਉਂ ਹੀ ਕੁਲਬੀਰ ਸਿੰਘ ਜ਼ੀਰਾ ਦੇ ਆਪਣੇ ਸਮਰਥਕਾਂ ਨਾਲ ਕਾਂਗਰਸੀ ਪੰਚਾਂ ਤੇ ਸਰਪੰਚ ਉਮੀਦਵਾਰਾਂ ਦੇ ਕਾਗਜ਼ ਦਾਖ਼ਲ ਕਰਨ ਲਈ ਜ਼ੀਰਾ ਦੇ ਮੇਨ ਚੌਕ ਦੇ ਨਜ਼ਦੀਕ ਸੀਨੀਅਰ ਸੈਕੰਡਰੀ ਸਕੂਲ ਵੱਲ ਵੱਧ ਰਹੇ ਸਨ ਤਾਂ ਇਸੇ ਦੌਰਾਨ ਉੱਥੇ ਮੌਜੂਦ ਇਕ ਹੋਰ ਸਿਆਸੀ ਪਾਰਟੀ ਦੇ ਸਮਰਥਕ ਵੀ ਆ ਗਏ। ਮਾਹੌਲ ਭਖਣ ਕਾਰਨ ਇੱਕੋਦਮ ਦੋਵਾਂ ਧਿਰਾਂ ਵਿਚਕਾਰ ਇੱਟਾਂ-ਰੋੜੇ ਚੱਲ ਗਏ। ਇਸ ਦੌਰਾਨ ਗੋਲ਼ੀਆਂ ਚੱਲਣ ਦੀ ਵੀ ਜਾਣਕਾਰੀ ਸਾਹਮਣੇ ਆਈ ਹੈ। ਪੂਰੀ ਘਟਨਾ ਵਿਚ ਪੱਥਰਬਾਜ਼ੀ ਕਾਰਨ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਜ਼ਖ਼ਮੀ ਹੋਏ ਹਨ। ਦੂਜੇ ਪਾਸੇ ਮੌਕੇ 'ਤੇ ਮੌਜੂਦ ਫਿਰੋਜ਼ਪੁਰ ਪੁਲਸ ਸਥਿਤੀ ਨੂੰ ਕਾਬੂ ਕਰਨ ਲਈ ਜੱਦੋ-ਜਹਿਦ ਕਰ ਰਹੀ ਸੀ। ਪੁਲਸ ਵੱਲੋਂ ਪਾਣੀ ਦੀਆਂ ਵਾਛੜਾਂ ਵੀ ਸੁੱਟੀਆਂ ਗਈਆਂ। ਹਾਲਾਂਕਿ ਗੋਲ਼ੀਆਂ ਪੁਲਸ ਨੇ ਚਲਾਈਆਂ ਜਾਂ ਫ਼ਿਰ ਦੋਹਾਂ ਪਾਰਟੀਆਂ ਦੇ ਕਿਸੇ ਸਮਰਥਕਾਂ ਨੇ, ਇਹ ਅਜੇ ਸਪਸ਼ਟ ਨਹੀਂ ਹੋ ਪਾਇਆ। ਪੁਲਸ ਵੱਲੋਂ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।