- Updated: July 07, 2026 04:02 PM
ਕੈਨੇਡਾ ਤੋਂ ਇਕ ਵਾਰ ਫਿਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇਕ ਪੰਜਾਬਣ ਮੁਟਿਆਰ ਅਤੇ ਭਾਰਤੀ ਨੌਜਵਾਨ ਦੀ ਦੁਖਦਾਈ ਮੌਤ ਹੋ ਗਈ ਹੈ। ਸਕਾਰਬ੍ਰੋਅ ਦੀ ਪ੍ਰੀਤ ਕੌਰ ਮੁਤਾਬਕ ਪੰਜਾਬਣ ਮੁਟਿਆਰ ਜਸ਼ਨਪ੍ਰੀਤ ਕੌਰ ਨੇ ਅਚਾਨਕ ਦੁਨੀਆ ਨੂੰ ਅਲਵਿਦਾ ਆਖ ਦਿੱਤਾ। ਜਸ਼ਨਪ੍ਰੀਤ ਕੌਰ ਦੇ ਮਾਪੇ ਆਖਰੀ ਵਾਰ ਆਪਣੀ ਧੀ ਦਾ ਚਿਹਰਾ ਦਾ ਵੇਖਣਾ ਚਾਹੁੰਦੇ ਹਨ, ਜਿਸ ਦੇ ਮੱਦੇਨਜ਼ਰ ਉਸ ਦੀ ਦੇਹ ਇੰਡੀਆ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਜਸ਼ਨਪ੍ਰੀਤ ਕੌਰ ਦੇ ਮਾਪਿਆਂ ਨੇ ਆਰਥਿਕ ਔਕੜਾਂ ਦਾ ਸਾਹਮਣਾ ਕਰਦਿਆਂ ਬਿਹਤਰ ਭਵਿੱਖ ਦੀ ਆਸ ਵਿਚ ਉਸ ਨੂੰ ਕੈਨੇਡਾ ਭੇਜਿਆ ਸੀ ਪਰ ਅਣਹੋਣੀ ਨੇ ਸਭ ਕੁਝ ਖੇਰੂੰ ਖੇਰੂੰ ਕਰ ਦਿੱਤਾ। ਜਸ਼ਨਪ੍ਰੀਤ ਆਪਣੇ ਮਾਪਿਆਂ ਦੀਆਂ ਦੋ ਧੀਆਂ ਵਿੱਚੋਂ ਸਭ ਤੋਂ ਛੋਟੀ ਸੀ ਅਤੇ ਉਸਦੇ ਵਿਛੋੜੇ ਨੇ ਪਰਿਵਾਰ ਨੂੰ ਵੱਡਾ ਸਦਮਾ ਦਿੱਤਾ ਹੈ।
ਜਦਕਿ ਦੂਜੇ ਪਾਸੇ ਹਰਿਆਣਾ ਦੇ ਨੌਜਵਾਨ ਕਮਲ ਨੂੰ ਕੈਨੇਡਾ ਦੇ ਡੂੰਘੇ ਪਾਣੀ ਨੇ ਨਿਗਲ ਲਿਆ। ਉਨਟਾਰੀਓ ਦੇ ਸਟੇਨਰ ਕਸਬੇ ਲਾਲ ਸਬੰਧਤ ਮਨਸਿਮਰਤ ਸਿੰਘ ਨੇ ਦੱਸਿਆ ਕਿ ਦਸੰਬਰ 2023 ਵਿਚ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜਾ ਕਮਲ ਆਪਣੇ ਸਾਥੀਆਂ ਨਾਲ ਪਿਕਨਿਕ ਮਨਾਉਂਦਿਆਂ ਪਾਣੀ ਵਿਚ ਡੁੱਬ ਗਿਆ। ਇਹ ਦੁਖਦ ਘਟਨਾ ਪੀਟਰਬ੍ਰੋਅ ਦੇ ਬੈਵਰਮੀਡ ਪਾਰਕ ਵਿਚ ਵਾਪਰੀ। ਹੁਣ ਕਮਲ ਦੀ ਦੇਹ ਭਾਰਤ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਮਨਸਿਮਰਤ ਸਿੰਘ ਮੁਤਾਬਕ ਲੌਇਲਿਸਟ ਕਾਲਜ ਤੋਂ ਪੜ੍ਹਾਈ ਮੁਕੰਮਲ ਕਰਨ ਮਗਰੋਂ ਕਮਲ ਮਾਰਕਡੇਲ ਵਿਖੇ ਰਹਿਣ ਲੱਗਾ ਅਤੇ ਮਾਪਿਆਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਲਈ ਸਖਤ ਮਿਹਨਤ ਕਰ ਰਿਹਾ ਸੀ। ਕੁਝ ਮਹੀਨੇ ਪਹਿਲਾਂ ਹੀ ਉਸ ਨੇ ਬਤੌਰ ਵੈਲਡਰ ਆਪਣਾ ਪੇਸ਼ੇਵਰ ਸਫ਼ਰ ਆਰੰਭਿਆ ਅਤੇ ਅਗਲੇ ਮਹੀਨੇ ਆਪਣਾ 24ਵਾਂ ਜਨਮ ਦਿਨ ਮਨਾਉਣ ਦੀ ਤਿਆਰੀ ਕਰ ਰਿਹਾ ਸੀ। ਉਧਰ ਪਰਿਵਾਰ ਨੂੰ ਕਮਲ ਦੇ ਡੁੱਬਣ ਦੀ ਖ਼ਬਰ ਮਿਲੀ ਤਾਂ ਉਨ੍ਹਾਂ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਕਮਲ ਦੇ ਮਾਪੇ ਅਤੇ ਹੋਰ ਰਿਸ਼ਤੇਵਾਰ ਆਪਣੇ ਹੱਥੀਂ ਉਸ ਦਾ ਅੰਤਮ ਸਸਕਾਰ ਕਰਨਾ ਚਾਹੁੰਦੇ ਹਨ ਅਤੇ ਦੇਹ ਇੰਡੀਆ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ।