ਪੰਜਾਬ ਦੀ ਸਿਆਸਤ ''ਚ ਇਕ ਹੋਰ ਅਕਾਲੀ ਦਲ ਦਾ ਐਲਾਨ, ਚੋਣਾਂ ਲੜਨ ਦਾ ਫ਼ੈਸਲਾ

ਪੰਜਾਬ ਦੀ ਸਿਆਸਤ ''ਚ ਇਕ ਹੋਰ ਅਕਾਲੀ ਦਲ ਦਾ ਐਲਾਨ, ਚੋਣਾਂ ਲੜਨ ਦਾ ਫ਼ੈਸਲਾ

ਪੰਜਾਬ ਅੰਦਰ ਜਿੱਥੇ ਪਹਿਲਾਂ ਹੀ ਕਈ ਅਕਾਲੀ ਦਲ ਵੱਖ-ਵੱਖ ਨਾਂ ਹੇਠ ਸੂਬੇ ਅੰਦਰ ਆਪਣੀ ਸਿਆਸਤ ਚਮਕਾ ਰਹੇ ਹਨ, ਉਥੇ ਹੀ ਹੁਣ ਇਕ ਹੋਰ ਅਕਾਲੀ ਦਲ ‘ਸ਼੍ਰੋਮਣੀ ਅਕਾਲੀ ਦਲ ਸ੍ਰੀ ਅਨੰਦਪੁਰ ਸਾਹਿਬ’ ਦੇ ਨਾਂ ਨਾਲ ਹੋਂਦ ’ਚ ਆਇਆ ਹੈ। ਇਸ ਦੀ ਸਮੁੱਚੀ ਟੀਮ ਵੱਲੋਂ ਨਵੇਂ ਅਕਾਲੀ ਦਲ ਦੇ ਪ੍ਰਧਾਨ ਦਵਿੰਦਰ ਸਿੰਘ ਦੀ ਅਗਵਾਈ ਹੇਠ ਬੀਤੇ ਦਿਨੀਂ ਖਾਲਸਾ ਪੰਥ ਦੇ ਜਨਮ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਬੰਧੀ ਚੋਣ ਮੁਹਿੰਮ ਦਾ ਆਗਾਜ਼ ਕੀਤਾ ਗਿਆ।

ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਪ੍ਰੈੱਸ ਕਾਨਫਰੰਸ ਕਰਦਿਆਂ ਨਵੇਂ ਬਣੇ ਅਕਾਲੀ ਦਲ ਦੇ ਪ੍ਰਧਾਨ ਦਵਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਪੰਜਾਬ ਅੰਦਰ ਹੋਂਦ ’ਚ ਆਈਆਂ ਹਨ, ਉਨ੍ਹਾਂ ਵੱਲੋਂ ਸੂਬੇ ਦੀਆਂ ਮੰਗਾਂ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਗਿਆ, ਜਿਸ ਕਾਰਨ ਪੰਜਾਬ ਦੇ ਲੋਕਾਂ ਦਾ ਇਨ੍ਹਾਂ ਸਾਰੀਆਂ ਸਿਆਸੀ ਪਾਰਟੀਆਂ ਤੋਂ ਮੋਹ ਭੰਗ ਹੋ ਚੁੱਕਾ ਹੈ। ਨਵੇਂ ਬਣੇ ਅਕਾਲੀ ਦਲ ਦੇ ਪ੍ਰਧਾਨ ਦਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਅੰਦਰ ਕਈ ਵਾਰ ਰਾਜ ਕਰ ਚੁੱਕੀਆਂ ਪਾਰਟੀਆਂ, ਜਿਨ੍ਹਾਂ ’ਚ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਸ਼ਾਮਲ ਹਨ, ਤੋਂ ਤੰਗ ਆ ਕੇ ਸੂਬੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਸੀ ਪਰ ਇਸ ਪਾਰਟੀ ਨੇ ਵੀ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਤਾਂ ਹਥਿਆ ਲਈ ਪਰ ਲੋਕਾਂ ਦੀਆਂ ਆਸਾਂ ’ਤੇ ਪੂਰੀ ਨਹੀਂ ਉਤਰ ਸਕੀ। ਉਨ੍ਹਾਂ ਕਿਹਾ ਕਿ ਕਾਫੀ ਸੋਚ-ਵਿਚਾਰ ਤੋਂ ਬਾਅਦ ਸਾਡੇ ਵੱਲੋਂ ‘ਸ਼੍ਰੋਮਣੀ ਅਕਾਲੀ ਦਲ ਸ੍ਰੀ ਅਨੰਦਪੁਰ ਸਾਹਿਬ’ ਦੇ ਨਾਮ ਹੇਠ ਨਵਾਂ ਅਕਾਲੀ ਦਲ ਹੋਂਦ ’ਚ ਲਿਆਂਦਾ ਗਿਆ ਹੈ, ਜੋ ਪੰਜਾਬ ਦੇ ਲੋਕਾਂ ਦੀਆਂ ਆਸਾਂ ’ਤੇ ਪੂਰਾ ਉਤਰੇਗਾ ਅਤੇ ਸੱਤਾ ’ਚ ਆਉਣ ਉਪਰੰਤ ਕੇਂਦਰ ਤੋਂ ਪੰਜਾਬ ਦੇ ਸਾਰੇ ਮਸਲੇ ਹੱਲ ਕਰਵਾਏਗਾ।

ਇਸ ਮੌਕੇ ਮੀਤ ਪ੍ਰਧਾਨ ਦਵਿੰਦਰ ਸਿੰਘ ਸਹੋੜਾ, ਸਕੱਤਰ ਗੁਰਦਰਸ਼ਨ ਸਿੰਘ, ਰੂਪ ਸਿੰਘ ਜ਼ਿਲਾ ਪ੍ਰਧਾਨ ਫਾਜ਼ਿਲਕਾ, ਦਰਸ਼ਨ ਸਿੰਘ ਸੇਖੋ ਪ੍ਰਧਾਨ ਹਲਕਾ ਬਸੀ ਪਠਾਣਾ, ਸੁਖਦੇਵ ਸਿੰਘ ਮੈਂਬਰ ਸ੍ਰੀ ਫਤਿਹਗੜ੍ਹ ਸਾਹਿਬ, ਮਨਪ੍ਰੀਤ ਸਿੰਘ ਜ਼ਿਲਾ ਪ੍ਰਧਾਨ ਰੂਪਨਗਰ, ਕਿਰਪਾਲ ਸਿੰਘ ਜ਼ਿਲਾ ਪ੍ਰਧਾਨ ਲੁਧਿਆਣਾ, ਅਮਰਿੰਦਰ ਸਿੰਘ ਹਲਕਾ ਇੰਚਾਰਜ ਜਲੰਧਰ, ਨਵਜੋਤ ਸਿੰਘ ਜ਼ਿਲਾ ਪ੍ਰਧਾਨ ਗੁਰਦਾਸਪੁਰ, ਜਸਵਿੰਦਰ ਸਿੰਘ ਜ਼ਿਲਾ ਪ੍ਰਧਾਨ ਸ੍ਰੀ ਅੰਮ੍ਰਿਤਸਰ ਸਾਹਿਬ, ਪਾਲ ਸਿੰਘ ਜ਼ਿਲਾ ਪ੍ਰਧਾਨ ਮੋਗਾ, ਜਗਤਾਰ ਸਿੰਘ ਜ਼ਿਲਾ ਪ੍ਰਧਾਨ ਬਠਿੰਡਾ, ਸੁਰਜੀਤ ਸਿੰਘ ਹਲਕਾ ਇੰਚਾਰਜ ਫਾਜ਼ਿਲਕਾ, ਪਰਦੀਪ ਸਿੰਘ ਹਲਕਾ ਇੰਚਾਰਜ ਹੁਸ਼ਿਆਰਪੁਰ, ਗੁਰਸਿਮਰਨ ਸਿੰਘ ਯੂਥ ਪ੍ਰਧਾਨ ਫਤਿਹਗੜ੍ਹ ਸਾਹਿਬ, ਜਗਸੀਰ ਸਿੰਘ ਬਲਾਕ ਪ੍ਰਧਾਨ ਜਲਾਲਾਬਾਦ, ਭਾਲਇੰਦਰ ਸਿੰਘ ਜ਼ਿਲਾ ਪ੍ਰਧਾਨ ਪਟਿਆਲਾ, ਦਵਿੰਦਰ ਸਿੰਘ ਆਦਿ ਅਕਾਲੀ ਆਗੂ ਹਾਜ਼ਰ ਸਨ।