- Updated: September 07, 2024 12:33 PM
ਫ਼ਿਰੋਜ਼ਪੁਰ ਤੀਹਰੇ ਕਤਲ ਕਾਂਡ ਵਿਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਨੇ ਸਾਂਝੇ ਆਪ੍ਰੇਸ਼ਨ ਤਹਿਤ ਕਾਰਵਾਈ ਕਰਦੇ ਹੋਏ ਗੁਜਰਾਤ ਤੋਂ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹਮਲਾਵਰ ਮਹਾਰਾਸ਼ਟਰ ਨੰਬਰ ਦੀ ਇਨੋਵਾ ਕਾਰ ਵਿਚ ਜਾ ਰਹੇ ਸਨ।
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਫ਼ਿਰੋਜ਼ਪੁਰ ਦੇ ਅਕਾਲਗੜ੍ਹ ਗੁਰਦੁਆਰਾ ਸਾਹਿਬ ਦੇ ਸਾਹਮਣੇ ਚਿੱਟੇ ਰੰਗ ਦੀ ਕਾਰ 'ਚ ਸਵਾਰ 5 ਵਿਅਕਤੀਆਂ 'ਤੇ ਹਮਲਾਵਰਾਂ ਵੱਲੋਂ ਤੇਜ਼ ਰਫ਼ਤਾਰ ਫਾਇਰਿੰਗ ਕੀਤੀ ਗਈ ਸੀ, ਜਿਸ 'ਚ 2 ਨੌਜਵਾਨ ਅਤੇ 1 ਲੜਕੀ ਦੀ ਮੌਤ ਹੋ ਗਈ ਸੀ ਅਤੇ 2 ਗੰਭੀਰ ਜ਼ਖ਼ਮੀ ਹੋ ਗਏ ਸਨ।
ਇਸ ਮਾਮਲੇ 'ਚ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈਆਂ ਸਨ, ਜਿਸ 'ਚ ਦੇਖਿਆ ਜਾ ਰਿਹਾ ਸੀ ਕਿ ਕਿਵੇਂ ਕੁਝ ਨੌਜਵਾਨ ਅੰਨ੍ਹੇਵਾਹ ਫਾਇਰਿੰਗ ਕਰ ਰਹੇ ਹਨ। ਨੌਜਵਾਨ ਦੋ ਮੋਟਰਸਾਈਕਲਾਂ ’ਤੇ ਆਏ ਸਨ। ਪਹਿਲਾਂ ਤਾਂ ਉਹ ਕੁਝ ਦੇਰ ਖੜ੍ਹੇ ਰਹੇ ਅਤੇ ਫ਼ੋਨ 'ਤੇ ਗੱਲ ਕਰਦੇ ਰਹੇ, ਜਿਵੇਂ ਹੀ ਨੌਜਵਾਨ ਕਾਰ ਮੋੜ 'ਤੇ ਆਏ ਤਾਂ ਉਨ੍ਹਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ |
ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਪੋਸਟਮਾਰਟਮ ਦੌਰਾਨ ਮ੍ਰਿਤਕ ਜਸਪ੍ਰੀਤ ਕੌਰ, ਦਿਲਦੀਪ ਸਿੰਘ ਅਤੇ ਅਕਾਸ਼ਦੀਪ ਦੀਆਂ ਲਾਸ਼ਾਂ 'ਚੋਂ 50 ਦੇ ਕਰੀਬ ਗੋਲੀਆਂ ਦੇ ਨਿਸ਼ਾਨ ਮਿਲੇ ਹਨ। ਸਿਰ ਵਿੱਚ ਗੋਲੀ ਲੱਗਣ ਕਾਰਨ ਤਿੰਨਾਂ ਦੀ ਮੌਤ ਹੋ ਗਈ। ਮਾਹਿਰਾਂ ਅਨੁਸਾਰ ਇਹ ਗੋਲੀਆਂ 30 ਬੋਰ ਅਤੇ 32 ਬੋਰ ਦੇ ਪਿਸਤੌਲ ਨਾਲ ਚਲਾਈਆਂ ਗਈਆਂ ਸਨ।