ਮੈਕਸੀਕੋ ਦੇ ਪ੍ਰਵਾਸੀ ਹਿਰਾਸਤ ਕੇਂਦਰ ''ਚ ਅੱਗ ਲਗਾਉਣ ਦੇ ਦੋਸ਼ ''ਚ 5 ਲੋਕ ਹੋਏ ਗ੍ਰਿਫ਼ਤਾਰ। 

ਮੈਕਸੀਕੋ ਦੇ ਪ੍ਰਵਾਸੀ ਹਿਰਾਸਤ ਕੇਂਦਰ ''ਚ ਅੱਗ ਲਗਾਉਣ ਦੇ ਦੋਸ਼ ''ਚ 5 ਲੋਕ ਹੋਏ ਗ੍ਰਿਫ਼ਤਾਰ। 

ਮੈਕਸੀਕੋ ਦੇ ਸਿਉਦਾਦ ਜੁਆਰੇਜ਼ ਸ਼ਹਿਰ ਵਿਚ ਇਸ ਹਫਤੇ ਇਕ ਪ੍ਰਵਾਸੀ ਹਿਰਾਸਤ ਕੇਂਦਰ ਵਿਚ ਹੋਈ ਭਿਆਨਕ ਅੱਗਜ਼ਨੀ ਦੀ ਘਟਨਾ ਵਿਚ ਘੱਟੋ-ਘੱਟ 39 ਲੋਕਾਂ ਦੀ ਦਰਦਨਾਕ ਮੌਤ ਹੋਣ ਦੇ ਮਾਮਲੇ ਵਿਚ ਪੁਲਸ ਨੇ ਹੁਣ ਤੱਕ 3 ਇਮੀਗ੍ਰੇਸ਼ਨ ਅਧਿਕਾਰੀਆਂ ਅਤੇ 2 ਨਿੱਜੀ ਸੁਰੱਖਿਆ ਗਾਰਡਾਂ ਸਮੇਤ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੈਕਸੀਕੋ ਦੀ ਜਨਤਕ ਸੁਰੱਖਿਆ ਸਕੱਤਰ ਰੋਜ਼ਾ ਈਸੇਲਾ ਰੋਡਰਿਗਜ਼ ਨੇ ਕਿਹਾ ਕਿ ਜਾਂਚ ਅਧੀਨ 6 ਵਿਚੋਂ 5 ਗ੍ਰਿਫਤਾਰੀ ਵਾਰੰਟ ਪਹਿਲਾਂ ਹੀ ਲਾਗੂ ਕੀਤੇ ਜਾ ਚੁੱਕੇ ਸਨ। 28 ਮਾਰਚ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ-ਮੈਕਸੀਕਨ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਪ੍ਰਵਾਸੀਆਂ ਲਈ ਇੱਕ ਹਿਰਾਸਤ ਕੇਂਦਰ ਵਿੱਚ ਅੱਗ ਲੱਗ ਗਈ ਸੀ।

ਮੈਕਸੀਕੋ ਦੇ ਰਾਸ਼ਟਰਪਤੀ ਆਂਡਰੇਸ ਮੈਨੁਅਲ ਲੋਪੇਜ਼ ਓਬਰਾਡੋਰ ਦੇ ਅਨੁਸਾਰ, ਦੇਸ਼ ਨਿਕਾਲੇ ਦੇ ਵਿਰੋਧ ਵਿੱਚ ਬੰਦੀਆਂ ਨੇ ਖ਼ੁਦ ਕੇਂਦਰ ਨੂੰ ਅੱਗ ਲਗਾ ਦਿੱਤੀ। ਰੋਡਰਿਗਜ਼ ਨੇ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ 5 ਗ੍ਰਿਫਤਾਰੀ ਵਾਰੰਟ ਪਹਿਲਾਂ ਹੀ ਲਾਗੂ ਕੀਤੇ ਜਾ ਚੁੱਕੇ ਹਨ ਜਦੋਂ ਕਿ ਇੱਕ ਹੋਰ ਵਿਅਕਤੀ ਭਗੌੜਾ ਹੈ ਜਿਸ ਦੀ ਅਜੇ ਤੱਕ ਗ੍ਰਿਫ਼ਤਾਰੀ ਨਹੀਂ ਕੀਤੀ ਜਾ ਸਕੀ ਹੈ। ਮੰਤਰੀ ਦੇ ਅਨੁਸਾਰ ਤਿੰਨ ਇਮੀਗ੍ਰੇਸ਼ਨ ਅਫਸਰਾਂ, ਦੋ ਨਿੱਜੀ ਸੁਰੱਖਿਆ ਗਾਰਡਾਂ ਅਤੇ ਅੱਗ ਲਗਾਉਣ ਦੇ ਦੋਸ਼ੀ ਇੱਕ ਪ੍ਰਵਾਸੀ ਵਿਰੁੱਧ ਵਾਰੰਟ ਜਾਰੀ ਕੀਤੇ ਗਏ ਸਨ। ਜ਼ਿਕਰਯੋਗ ਹੈ ਕਿ ਇਸ ਅੱਗ 'ਚ ਘੱਟੋ-ਘੱਟ 39 ਲੋਕਾਂ ਦੀ ਮੌਤ ਹੋ ਗਈ ਅਤੇ 28 ਹੋਰ ਜ਼ਖਮੀ ਹੋ ਗਏ। ਸਾਰੇ ਪੀੜਤਾਂ ਦੀ ਪਛਾਣ ਕਰ ਲਈ ਗਈ ਹੈ। ਉਨ੍ਹਾਂ ਵਿਚੋਂ ਜ਼ਿਆਦਾਤਰ ਗੁਆਟੇਮਾਲਾ ਦੇ ਹਨ, ਪਰ ਸਲਵਾਡੋਰ, ਵੈਨੇਜ਼ੁਏਲਾ, ਹੋਂਡੁਰਾਸ ਅਤੇ ਕੋਲੰਬੀਆ ਦੇ ਲੋਕ ਵੀ ਇਸ ਵਿਚ ਸ਼ਾਮਲ ਹਨ।