PM ਮੋਦੀ ਨੂੰ ਸ਼ਾਹਿਦ ਅਫਰੀਦੀ ਦੀ ਅਪੀਲ, ਕਿਹਾ- ਭਾਰਤ-ਪਾਕਿ ਵਿਚਾਲੇ ਕ੍ਰਿਕਟ ਮੈਚ ਹੋਣ ਦਿੱਤਾ ਜਾਵੇ। 

PM ਮੋਦੀ ਨੂੰ ਸ਼ਾਹਿਦ ਅਫਰੀਦੀ ਦੀ ਅਪੀਲ, ਕਿਹਾ- ਭਾਰਤ-ਪਾਕਿ ਵਿਚਾਲੇ ਕ੍ਰਿਕਟ ਮੈਚ ਹੋਣ ਦਿੱਤਾ ਜਾਵੇ। 

ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਦੇਣ ਦੀ ਬੇਨਤੀ ਕੀਤੀ ਹੈ। ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੇ ਸਿਆਸੀ ਤਣਾਅ ਨੂੰ ਦੇਖਦੇ ਹੋਏ, ਟੀਮ ਇੰਡੀਆ ਅਤੇ ਟੀਮ ਪਾਕਿਸਤਾਨ ਨੇ 2012-13 ਤੋਂ ਬਾਅਦ ਕਿਸੇ ਦੁਵੱਲੀ ਲੜੀ ਵਿੱਚ ਹਿੱਸਾ ਨਹੀਂ ਲਿਆ ਹੈ ਅਤੇ ਸਿਰਫ਼ ਏਸ਼ੀਆ ਕੱਪ ਅਤੇ ਆਈ.ਸੀ.ਸੀ. ਮੁਕਾਬਲਿਆਂ ਵਿੱਚ ਹੀ ਇੱਕ-ਦੂਜੇ ਦਾ ਸਾਹਮਣਾ ਕੀਤਾ ਹੈ। ਸਾਬਕਾ ਸਟਾਰ ਆਲਰਾਊਂਡਰ ਅਫਰੀਦੀ ਨੇ ਮੋਦੀ ਨੂੰ ਦੋਵਾਂ ਦੇਸ਼ਾਂ ਨੂੰ ਕ੍ਰਿਕਟ ਖੇਡਣ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਬੀ.ਸੀ.ਸੀ.ਆਈ. ਨੂੰ ਇਕ ਮਜ਼ਬੂਤ ​​ਬੋਰਡ ਹੋਣ ਦੇ ਬਾਵਜੂਦ 'ਦੁਸ਼ਮਣ' ਦੀ ਬਜਾਏ 'ਦੋਸਤ' ਬਣਾਉਣ 'ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ 'ਦਿ ਇੰਡੀਅਨ ਐਕਸਪ੍ਰੈਸ' ਨੂੰ ਕਿਹਾ, "ਮੈਂ ਮੋਦੀ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਦੋਵਾਂ ਦੇਸ਼ਾਂ ਵਿਚਾਲੇ ਕ੍ਰਿਕਟ ਮੈਚ ਹੋਣ ਦਿੱਤਾ ਜਾਵੇ। ਜੇਕਰ ਅਸੀਂ ਕਿਸੇ ਨਾਲ ਦੋਸਤੀ ਕਰਨੀ ਚਾਹੁੰਦੇ ਹਾਂ ਅਤੇ ਉਹ ਸਾਡੇ ਨਾਲ ਗੱਲ ਨਹੀਂ ਕਰਦਾ ਤਾਂ ਅਸੀਂ ਕੀ ਕਰ ਸਕਦੇ ਹਾਂ? ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਬੀ.ਸੀ.ਸੀ.ਆਈ. ਬਹੁਤ ਮਜ਼ਬੂਤ ਬੋਰਡ ਹੈ ਪਰ ਜਦੋਂ ਤੁਸੀਂ ਮਜ਼ਬੂਤ ​​ਹੁੰਦੇ ਹੋ, ਤਾਂ ਤੁਹਾਡੀ ਜ਼ਿੰਮੇਵਾਰੀ ਜ਼ਿਆਦਾ ਹੁੰਦੀ ਹੈ। ਤੁਸੀਂ ਜ਼ਿਆਦਾ ਦੁਸ਼ਮਣ ਬਣਾਉਣ ਦੀ ਕੋਸ਼ਿਸ਼ ਨਹੀਂ ਕਰਦੇ, ਤੁਹਾਨੂੰ ਦੋਸਤ ਬਣਾਉਣ ਦੀ ਲੋੜ ਹੁੰਦੀ ਹੈ। ਜਦੋਂ ਤੁਸੀਂ ਜ਼ਿਆਦਾ ਦੋਸਤ ਬਣਾਉਂਦੇ ਹੋ ਤਾਂ ਤੁਸੀਂ ਮਜ਼ਬੂਤ ​​ਬਣ ਜਾਂਦੇ ਹੋ।''

ਜ਼ਿਕਰਯੋਗ ਹੈ ਕਿ ਆਗਾਮੀ ਏਸ਼ੀਆ ਕੱਪ ਦੀ ਮੇਜ਼ਬਾਨੀ ਨੂੰ ਲੈ ਕੇ ਬੀ.ਸੀ.ਸੀ.ਆਈ. ਅਤੇ ਪੀ.ਸੀ.ਬੀ. ਵਿਚਾਲੇ ਵਿਵਾਦ ਚੱਲ ਰਿਹਾ ਹੈ। ਹਾਲਾਂਕਿ, ਬੀ.ਸੀ.ਸੀ.ਆਈ. ਦੇ ਸਕੱਤਰ ਜੈ ਸ਼ਾਹ ਨੇ ਇਹ ਲਗਭਗ ਤੈਅ ਕਰ ਦਿੱਤਾ ਹੈ ਕਿ ਰਾਸ਼ਟਰੀ ਟੀਮ ਸੁਰੱਖਿਆ ਚਿੰਤਾਵਾਂ ਅਤੇ ਰਾਜਨੀਤਿਕ ਮਾਹੌਲ ਨੂੰ ਧਿਆਨ ਵਿੱਚ ਰੱਖਦੇ ਹੋਏ ਗੁਆਂਢੀ ਦੇਸ਼ ਦੀ ਯਾਤਰਾ ਨਹੀਂ ਕਰੇਗੀ। ਹਾਲਾਂਕਿ ਸ਼ਾਹਿਦ ਅਫਰੀਦੀ ਨੇ ਅੱਗੇ ਕਿਹਾ ਕਿ ਹਾਲ ਹੀ ਦੇ ਸਮੇਂ 'ਚ ਕਈ ਟੀਮਾਂ ਨੇ ਪਾਕਿਸਤਾਨ ਦਾ ਦੌਰਾ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਹਰੀ ਝੰਡੀ ਦੇ ਦੇਣ ਤਾਂ ਦੌਰਾ ਹੋ ਸਕਦਾ ਹੈ। ਉਨ੍ਹਾਂ ਕਿਹਾ, “ਜਿੱਥੋਂ ਤੱਕ ਪਾਕਿਸਤਾਨ ਵਿੱਚ ਸੁਰੱਖਿਆ ਚਿੰਤਾ ਦਾ ਸਵਾਲ ਹੈ, ਸਾਡੇ ਕੋਲ ਹਾਲ ਹੀ ਵਿੱਚ ਕਈ ਅੰਤਰਰਾਸ਼ਟਰੀ ਟੀਮਾਂ ਇੱਥੇ ਆਈਆਂ ਹਨ। ਸਾਨੂੰ ਭਾਰਤ ਤੋਂ ਵੀ ਸੁਰੱਖਿਆ ਖ਼ਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਜੇਕਰ ਦੋਵਾਂ ਦੇਸ਼ਾਂ ਦੀ ਸਰਕਾਰ ਤੋਂ ਇਜਾਜ਼ਤ ਮਿਲਦੀ ਹੈ ਤਾਂ ਦੌਰਾ ਹੋਵੇਗਾ। ਜੇਕਰ ਦੌਰਾ ਨਹੀਂ ਹੁੰਦਾ ਹੈ, ਤਾਂ ਅਸੀਂ ਉਨ੍ਹਾਂ ਨੂੰ ਮੌਕਾ ਦੇਵਾਂਗੇ ਜੋ ਚਾਹੁੰਦੇ ਹਨ ਕਿ ਉਨ੍ਹਾਂ ਵਿਚਾਲੇ ਕ੍ਰਿਕਟ ਨਾ ਹੋਵੇ।