ਪੰਜਾਬ ''ਚ ਗਰਮੀ ਦਾ ਕਹਿਰ ਜਾਰੀ! ਸਾਰੇ ਜ਼ਿਲ੍ਹਿਆਂ ਵਿੱਚ ਹੀਟ ਵੇਵ ਦਾ ਅਲਰਟ

ਪੰਜਾਬ ''ਚ ਗਰਮੀ ਦਾ ਕਹਿਰ ਜਾਰੀ! ਸਾਰੇ ਜ਼ਿਲ੍ਹਿਆਂ ਵਿੱਚ ਹੀਟ ਵੇਵ ਦਾ ਅਲਰਟ

ਸੂਬੇ 'ਚ ਅਸਮਾਨ ਤੋਂ ਵਰ੍ਹਦੀ ਅੱਗ ਨੇ ਪਾਰੇ ਨੂੰ ਅਸਮਾਨੀਂ ਚੜ੍ਹਾਇਆ ਹੋਇਆ ਹੈ। ਪਿਛਲੇ ਕਈ ਦਿਨਾਂ ਤੋਂ ਲੋਕਾਂ ਨੂੰ ਤਪਦੀ ਵਿਚ ਨਿਕਲਣ 'ਤੇ ਸਰੀਰ ਝੁਲਸਣ ਜਿਹਾ ਮਹਿਸੂਸ ਹੁੰਦਾ ਹੈ। ਮੌਸਮ ਵਿਭਾਗ ਵੱਲੋਂ ਵੀ ਲੋਕਾਂ ਨੂੰ ਦੁਪਹਿਰ ਵੇਲੇ ਬਹੁਤ ਜ਼ਰੂਰੀ ਕੰਮ ਨਾ ਹੋਣ 'ਤੇ ਘਰੋਂ ਬਾਹਰ ਨਾ ਨਿਕਲਣ ਦੀ ਹੀ ਸਲਾਹ ਦਿੱਤੀ ਜਾ ਰਹੀ ਹੈ, ਪਰ ਹੁਣ ਹਾਲਾਤ ਇਹ ਹਨ ਕਿ ਰਾਤ ਵੇਲੇ ਵੀ ਗਰਮੀ ਤੋਂ ਰਾਹਤ ਨਹੀਂ ਮਿਲ ਰਹੀ। ਦਿਨ ਤੇ ਰਾਤ ਦੋਵਾਂ ਦਾ ਤਾਪਮਾਨ ਸਾਧਾਰਨ ਤੋਂ 5-6 ਡਿਗਰੀ ਜ਼ਿਆਦਾ ਚੱਲ ਰਿਹਾ ਹੈ। ਭਾਵ ਦਿਨ 'ਚ ਹੀ ਨਹੀਂ, ਰਾਤ ਨੂੰ ਵੀ ਲੂ ਵਾਲੀ ਹੀ ਸਥਿਤੀ ਹੈ। ਅੱਜ ਪੰਜਾਬ ਦੇ ਸਾਰੇ 13 ਜ਼ਿਲ੍ਹਿਆਂ 'ਚ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

ਸੋਮਵਾਰ ਨੂੰ ਬਠਿੰਡਾ 'ਚ ਵੱਧ ਤੋਂ ਵੱਧ ਤਾਪਮਾਨ 46.9 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ। ਫਰੀਦਕੋਟ 'ਚ ਵੀ ਦਿਨ ਦਾ ਤਾਪਮਾਨ 46 ਡਿਗਰੀ, ਜਦਕਿ ਰਾਤ ਦਾ ਤਾਪਮਾਨ 32.7 ਡਿਗਰੀ ਦਰਜ ਕੀਤਾ ਗਿਆ। ਰਾਜਧਾਨੀ ਚੰਡੀਗੜ੍ਹ 'ਚ ਪੂਰੇ ਪੰਜਾਬ ਦੇ ਮੁਕਾਬਲੇ ਰਾਤ ਦਾ ਤਾਪਮਾਨ ਸਭ ਤੋਂ ਵੱਧ ਰਿਹਾ। ਇੱਥੇ ਘੱਟੋ- ਘੱਟ ਤਾਪਮਾਨ 34.2 ਡਿਗਰੀ ਸੈਲਸੀਅਸ ਰਿਹਾ, ਜੋ ਕਿ ਆਮ ਨਾਲੋਂ 7.7 ਡਿਗਰੀ ਸੈਲਸੀਅਸ ਵੱਧ ਰਿਹਾ। 

ਸੂਰਜ ਦੀਆਂ ਸਿੱਧੀਆਂ ਕਿਰਨਾਂ ਕਾਰਨ ਹਵਾ ਬਹੁਤ ਗਰਮ ਹੋ ਗਈ ਹੈ ਅਤੇ ਸਾਮਾਨ ਵੀ ਗਰਮ ਹੋਣ ਲੱਗਾ ਹੈ। ਟੂਟੀਆਂ ’ਚੋਂ ਗੀਜ਼ਰ ਵਰਗਾ ਉੱਬਲਦਾ ਪਾਣੀ ਆ ਰਿਹਾ ਹੈ, ਜਿਸ ਕਾਰਨ ਹੱਥ, ਮੂੰਹ ਧੋਣਾ ਅਤੇ ਨਹਾਉਣਾ ਵੀ ਮੁਸ਼ਕਲ ਹੋ ਗਿਆ ਹੈ। ਗਰਮੀ ਨੇ ਅੱਜ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ, ਜਦੋਂਕਿ ਪਾਰਾ 46 ਤੋਂ ਉੱਪਰ ਟਿੱਕਿਆ ਹੋਇਆ ਹੈ। 

ਗਰਮੀ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਕਰੀਬ ਦੋ ਮੀਟਰ ਹੇਠਾਂ ਚਲਾ ਗਿਆ ਹੈ। ਨਹਿਰਬੰਦੀ ਕਾਰਨ ਬਠਿੰਡਾ ਜ਼ਿਲ੍ਹੇ ’ਚ ਪਾਣੀ ਦੀ ਕਿੱਲਤ ਵੀ ਮਹਿਸੂਸ ਕੀਤੀ ਜਾ ਰਹੀ ਹੈ।  ਹਾਲਾਂਕਿ, ਪੱਛਮੀ ਗੜਬੜੀ ਦੇ ਅੱਜ ਸ਼ਾਮ ਨੂੰ ਅਤੇ 19 ਤੋਂ 21 ਜੂਨ ਦਰਮਿਆਨ ਸਰਗਰਮ ਹੋਣ ਦੀ ਸੰਭਾਵਨਾ ਹੈ। ਇਸ ਕਾਰਨ ਕਕਈ ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਬਿਜਲੀ ਦੀ ਖ਼ਪਤ 43 ਫ਼ੀਸਦੀ ਵਧੀ ਹੈ। ਪਿਛਲੇ ਸਾਲ ਜੂਨ ਵਿੱਚ ਬਿਜਲੀ ਦੀ ਮੰਗ 11309 ਮੈਗਾਵਾਟ ਸੀ, ਜੋ ਵੱਧ ਕੇ 15775 ਮੈਗਾਵਾਟ ਹੋ ਗਈ ਹੈ।