ਸਿੱਖ ਪਰਿਵਾਰ ਨੂੰ Germany ਦੇ ਗੁਰਦੁਆਰੇ ਵਿਚ ਮਾਂ ਦੀ ਅੰਤਮ ਅਰਦਾਸ ਕਰਨ ਤੋਂ ਰੋਕਿਆ 

ਸਿੱਖ ਪਰਿਵਾਰ ਨੂੰ Germany ਦੇ ਗੁਰਦੁਆਰੇ ਵਿਚ ਮਾਂ ਦੀ ਅੰਤਮ ਅਰਦਾਸ ਕਰਨ ਤੋਂ ਰੋਕਿਆ 

ਜਰਮਨੀ ਵਿਚ ਸਿੰਗੇਨ ਦੇ ਇਕ ਗੁਰਦੁਆਰੇ ਨੇ ਕਥਿਤ ਤੌਰ 'ਤੇ ਇਕ ਸਥਾਨਕ ਸਿੱਖ ਪਰਵਾਰ ਨੂੰ ਅਪਣੀ ਮਾਂ ਦੇ ਦਿਹਾਂਤ ਤੋਂ ਬਾਅਦ ਭੋਗ ਅਤੇ ਅੰਤਮ ਅਰਦਾਸ ਕਰਨ ਦੇ ਅਧਿਕਾਰ ਤੋਂ ਇਨਕਾਰ ਕਰ ਦਿਤਾ ਹੈ, ਜਿਸ ਕਾਰਨ ਪ੍ਰਵਾਸੀ ਸਿੱਖਾਂ ਵਿਚ ਚਿੰਤਾ ਫੈਲ ਗਈ ਹੈ।

ਦੁਖੀ ਪਰਵਾਰ ਨੇ ਜਥੇਦਾਰ ਦੇ ਦਖ਼ਲ ਦੀ ਮੰਗ ਕਰਦੇ ਹੋਏ ਅਕਾਲ ਤਖ਼ਤ ਦਾ ਦਰਵਾਜ਼ਾ ਖੜਕਾਇਆ ਹੈ। ਹਾਲਾਂਕਿ, ਗੁਰਦੁਆਰਾ ਪ੍ਰਬੰਧਕਾਂ ਨੇ ਦਾਅਵਾ ਕੀਤਾ ਹੈ ਕਿ ਸਥਾਨਕ ਪੁਲਿਸ ਦੀਆਂ ਹਦਾਇਤਾਂ ਤੋਂ ਬਾਅਦ ਪਰਵਾਰ ਨੂੰ ਦਾਖ਼ਲ ਹੋਣ ਤੋਂ ਰੋਕਿਆ ਗਿਆ ਸੀ।

ਸਿੰਗੇਨ ਵਿਚ ਲੰਬੇ ਸਮੇਂ ਤੋਂ ਰਹਿਣ ਵਾਲੇ ਬਲਵਿੰਦਰ ਸਿੰਘ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਦਲਜੀਤ ਸਿੰਘ ਅਤੇ ਪਰਮਜੀਤ ਸਿੰਘ ਨੇ ਹਾਲ ਹੀ ਵਿਚ ਅਪਣੀ ਮਾਂ ਨੂੰ ਗੁਆ ਦਿਤਾ ਸੀ ਅਤੇ ਉਨ੍ਹਾਂ ਨੇ ਅੰਤਮ ਅਰਦਾਸ ਕਰਨ ਲਈ ਗੁਰਦੁਆਰੇ ਦਾ ਦਰਵਾਜ਼ਾ ਖੜਕਾਇਆ ਸੀ। ਹਾਲਾਂਕਿ, ਗੁਰਦੁਆਰਾ ਕਮੇਟੀ ਨੇ ਉਨ੍ਹਾਂ ਦੀ ਬੇਨਤੀ ਨੂੰ ਠੁਕਰਾ ਦਿਤਾ।

ਸਿੰਗੇਨ ਦੀ ਸਿੱਖ ਸੰਗਤ ਵਲੋਂ ਲਿਖੇ ਗਏ ਇਕ ਪੱਤਰ ਵਿਚ ਕਿਹਾ ਗਿਆ ਹੈ, ‘ਬਦਕਿਸਮਤੀ ਨਾਲ, ਨਿੱਜੀ ਦੁਸ਼ਮਣੀ ਕਾਰਨ, ਮੌਜੂਦਾ ਗੁਰਦੁਆਰਾ ਕਮੇਟੀ ਨੇ ਇਸ ਧਾਰਮਕ ਸਮਾਰੋਹ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿਤਾ। ਇਹ ਫ਼ੈਸਲਾ ਨਾ ਸਿਰਫ਼ ਬੇਇਨਸਾਫ਼ੀ ਹੈ ਅਤੇ ਸਿੱਖ ਕਦਰਾਂ-ਕੀਮਤਾਂ ਦੇ ਵਿਰੁਧ ਹੈ, ਸਗੋਂ ਸਿੱਖ ਰਹਿਤ ਮਰਿਆਦਾ ਅਤੇ ਗੁਰਮਤਿ ਸਿਧਾਂਤਾਂ ਦੀ ਵੀ ਸਪੱਸ਼ਟ ਉਲੰਘਣਾ ਹੈ।’

ਸੰਗਤ ਨੇ ਕਿਹਾ ਕਿ ਉਨ੍ਹਾਂ ਨੇ ਗੁਰਦੁਆਰਾ ਕਮੇਟੀ ਨੂੰ ਇਸ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ, ਅਤੇ ਉਨ੍ਹਾਂ ਨੂੰ ਯਾਦ ਦਿਵਾਇਆ ਹੈ ਕਿ ਗੁਰੂ ਘਰ ਸਾਰਿਆਂ ਲਈ ਖੁੱਲ੍ਹਾ ਹੈ ਤੇ ਦਇਆ ਅਤੇ ਸਿੱਖ ਭਾਵਨਾਵਾਂ ਨੂੰ ਉਜਾਗਰ ਕਰਦਾ ਹੈ।

ਬਲਵਿੰਦਰ ਨੇ ਇਲਜ਼ਾਮ ਲਗਾਇਆ ਕਿ ਕਮੇਟੀ ਨੇ ਨਾ ਤਾਂ ਉਨ੍ਹਾਂ ਦੀ ਗੱਲ ਸੁਣੀ ਅਤੇ ਨਾ ਹੀ ਮਸਲੇ ਨੂੰ ਸਮਝਦਾਰੀ ਨਾਲ ਹੱਲ ਕਰਨ ਦਾ ਕੋਈ ਇਰਾਦਾ ਦਿਖਾਇਆ। ਸੰਪਰਕ ਕੀਤੇ ਜਾਣ 'ਤੇ ਸਿੰਗੇਨ ਸਥਿਤ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਦਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਪ੍ਰਬੰਧਕਾਂ ਨੇ ਸਥਾਨਕ ਪੁਲਿਸ ਦੀ ਸਲਾਹ 'ਤੇ ਕਾਰਵਾਈ ਕੀਤੀ। ਉਨ੍ਹਾਂ ਇਲਜ਼ਾਮ ਲਗਾਇਆ ਕਿ ਸ਼ਾਮਲ ਵਿਅਕਤੀਆਂ ਦੀ ਪਹਿਲਾਂ ਵੀ ਸੰਗਤ ਦੇ ਮੈਂਬਰਾਂ ਨਾਲ ਝੜਪ ਹੋਈ ਸੀ, ਜਿਸ ਕਾਰਨ ਅਸ਼ਾਂਤੀ ਫੈਲ ਗਈ ਸੀ। ਨਤੀਜੇ ਵਜੋਂ, ਪੁਲਿਸ ਨੇ ਕਥਿਤ ਤੌਰ 'ਤੇ ਗੁਰਦੁਆਰੇ ’ਚ ਉਨ੍ਹਾਂ ਨੂੰ ਦਾਖ਼ਲ ਹੋਣ ਦੀ ਇਜਾਜ਼ਤ ਨਾ ਦੇਣ ਦੀ ਸਲਾਹ ਦਿਤੀ ਸੀ।

ਇਸ ਦੌਰਾਨ, ਬਲਵਿੰਦਰ ਨੇ ਕਿਹਾ ਕਿ ਪਰਵਾਰ ਨੇ ਅੰਤ ਵਿਚ ਰਸਮਾਂ ਕਰਨ ਲਈ ਲਗਭਗ 150 ਕਿਲੋਮੀਟਰ ਦੂਰ ਕਿਸੇ ਹੋਰ ਗੁਰਦੁਆਰੇ ਤੋਂ ਗ੍ਰੰਥੀ ਨੂੰ ਬੁਲਾਇਆ। ਉਨ੍ਹਾਂ ਅੱਗੇ ਕਿਹਾ, "ਅਸੀਂ ਹੁਣ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਘਟਨਾ ਦੀ ਜਾਂਚ ਕਰਨ, ਗੁਰਦੁਆਰਾ ਪ੍ਰਬੰਧਕਾਂ ਨੂੰ ਤਲਬ ਕਰਨ ਅਤੇ ਇਨਸਾਫ਼ ਯਕੀਨੀ ਬਣਾਉਣ ਦੀ ਬੇਨਤੀ ਕੀਤੀ ਹੈ।"