ਪ੍ਰਤਾਪ ਸਿੰਘ ਬਾਜਵਾ ਨੇ ਬ੍ਰਿਸਬੇਨ ''ਚ ਸਮਾਗਮ ''ਚ ਕੀਤੀ ਸ਼ਿਰਕਤ

ਪ੍ਰਤਾਪ ਸਿੰਘ ਬਾਜਵਾ ਨੇ ਬ੍ਰਿਸਬੇਨ ''ਚ ਸਮਾਗਮ ''ਚ ਕੀਤੀ ਸ਼ਿਰਕਤ

ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਸੀਨੀਅਰ ਕਾਂਗਰਸੀ ਆਗੂ ਸ. ਪ੍ਰਤਾਪ ਸਿੰਘ ਬਾਜਵਾ ਦਾ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਖੇ ਰੂਬਰੂ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਡਾ. ਬਰਨਾਰਡ ਮਲਿਕ, ਲਾਰੈਂਸ ਮਲਿਕ, ਹਰਪ੍ਰੀਤ ਸਿੰਘ ਕੋਹਲੀ, ਐਡਵੋਕੇਟ ਗੁਰਪ੍ਰੀਤ ਬੱਲ, ਜਗਦੀਪ ਸਿੰਘ ਸੰਧੂ, ਅਮਰਦੀਪ ਸਿੰਘ ਸੰਧੂ, ਸ. ਬਲਜੀਤ ਸਿੰਘ ਸੰਧੂ, ਰੋਹਿਤ ਪਾਠਕ, ਰੌਕੀ ਭੁੱਲਰ, ਜਸਵੀਰ ਸਿੰਘ ਗੁਰਾਇਆ, ਅਵਨਿੰਦਰ ਸਿੰਘ ਲਾਲੀ, ਪ੍ਰਣਾਮ ਸਿੰਘ ਹੇਅਰ, ਯੋਗਿੰਦਰ ਪਾਲ ਢੀਂਗਰਾ, ਪਾਲ ਸਕਾਰ ਸੈਨੇਟਰ, ਲੀਅਨ ਪਾਵਰ ਐੱਮ. ਪੀ ਅਤੇ ਕਾਂਗਰਸੀ ਆਗੂਆਂ, ਵਰਕਰਾਂ ਤੇ ਪੰਜਾਬੀ ਭਾਈਚਾਰੇ ਵੱਲੋ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। 

ਸਮਾਗਮ ਦੀ ਸ਼ੁਰੂਆਤ 'ਚ ਹਰਪ੍ਰੀਤ ਸਿੰਘ ਕੋਹਲੀ ਵੱਲੋਂ ਸ. ਪ੍ਰਤਾਪ ਸਿੰਘ ਬਾਜਵਾ ਨੂੰ ਜੀ ਆਇਆ ਆਖਿਆ ਗਿਆ। ਉਪਰੰਤ ਡਾ. ਬਰਨਾਰਡ ਮਲਿਕ ਵੱਲੋ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕਰਦਿਆ ਸ. ਪ੍ਰਤਾਪ ਸਿੰਘ ਬਾਜਵਾ ਨੂੰ ਮੰਚ 'ਤੇ ਸੱਦਾ ਦਿੱਤਾ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਪੰਜਾਬੀ ਭਾਈਚਾਰੇ ਵੱਲੋਂ ਪ੍ਰਤਾਪ ਸਿੰਘ ਬਾਜਵਾ ਦਾ ਸਵਾਗਤ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਰਾਜਨੀਤੀ ਵਿੱਚ ਨੇਤਾ ਦੇ ਤੌਰ 'ਤੇ ਪੰਜਾਬ, ਪੰਜਾਬੀਅਤ ਦੇ ਵਿਕਾਸ ਲਈ ਕੀਤੇ ਗਏ ਸਮਾਜ ਭਲਾਈ ਦੇ ਕਾਰਜਾਂ ਲਈ ਵਧਾਈ ਦੇ ਪਾਤਰ ਹਨ। ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਨੇ ਸੰਬੋਧਨ ਕਰਦਿਆਂ ਪੰਜਾਬ ਦੇ ਮੌਜੂਦਾ ਹਾਲਾਤ 'ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਮਾਨ ਸਰਕਾਰ 'ਤੇ ਤਿੱਖੇ ਨਿਸ਼ਾਨੇ ਸੇਧਦਿਆਂ ਕਿਹਾ ਭੂਮੀ ਮਾਫੀਏ ਨਾਲ ਮਿਲ ਕੇ ਪੰਜਾਬ ਵਿੱਚ ਧੱਕੇ ਨਾਲ ਲੈਂਡ ਪੂਲਿੰਗ ਨੀਤੀ ਲਾਗੂ ਕਰਕੇ ਕਿਸਾਨਾਂ ਨੂੰ ਆਪਣੀ ਮਾਂ-ਭੂਮੀ ਤੇ ਘਰਾਂ ਤੋਂ ਬੇ-ਘਰ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਪੰਜਾਬ ਦੇ ਲੋਕ ਕਿਸੇ ਕੀਮਤ ਬਰਦਾਸ਼ਤ ਨਹੀ ਕਰਨਗੇ। 

ਕਾਂਗਰਸ ਦੀ ਸਰਕਾਰ ਆਉਣ 'ਤੇ ਸਭ ਤੋਂ ਪਹਿਲਾਂ ਲੈਂਡਿੰਗ ਪੂਲਿੰਗ ਨੀਤੀ ਨੂੰ ਰੱਦ ਕੀਤਾ ਜਾਵੇਗਾ। ਪੰਜਾਬ ਵਿੱਚ ਲੁੱਟਾਂ-ਖੋਹਾਂ 'ਤੇ ਮਾਰ-ਧਾੜ ਕਾਰਨ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋ ਗਈ ਹੈ। ਇਸ ਸਰਕਾਰ ਤੋਂ ਵਪਾਰੀ, ਮੁਲਾਜ਼ਮ, ਕਿਸਾਨ, ਮਜਦੂਰ ਤੇ ਹਰ ਵਰਗ ਦੇ ਲੋਕ ਦੁਖੀ ਹਨ। ਜਿਸ ਦਾ ਜਵਾਬ ਲੋਕ ਆਉਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾ ਕੇ ਦੇਣਗੇ। ਉਨ੍ਹਾਂ ਅੱਗੇ ਕਿਹਾ ਕਿ ਆਸਟ੍ਰੇਲੀਆ ਵਿੱਚ ਵੱਸਦੇ ਪ੍ਰਵਾਸੀ ਭਾਰਤੀਆਂ ਖਾਸਕਰ ਪੰਜਾਬੀ ਭਾਈਚਾਰੇ ਵਲੋਂ ਮਿਹਨਤ ਅਤੇ ਲਗਨ ਨਾਲ ਤਰੱਕੀ ਕਰ ਜੋ ਬੁਲੰਦੀਆਂ ਹਾਸਲ ਕੀਤੀਆਂ ਹਨ, ਉਹ ਬਹੁਤ ਹੀ ਸ਼ਲਾਘਾਯੋਗ ਹਨ। ਪ੍ਰਵਾਸੀ ਜਿੱਥੇ ਵਿਦੇਸ਼ਾਂ 'ਚ ਮਾਂ-ਬੋਲੀ ਪੰਜਾਬੀ ਤੇ ਆਪਣੇ ਸੱਭਿਆਚਾਰ ਨੂੰ ਵੱਧ ਤੋਂ ਵੱਧ ਪ੍ਰਫੁਲਿਤ ਕਰ ਰਹੇ ਹਨ, ਉੱਥੇ ਆਪਣੀ ਜਨਮ ਭੂਮੀ ਪ੍ਰਤੀ ਆਪਣਾ ਫਰਜ ਤੇ ਧਰਮ ਸਮਝਦਿਆਂ ਆਪਣਿਆਂ ਦੇ ਦੁੱਖ-ਸੁੱਖ ਵਿੱਚ ਸ਼ਰੀਕ ਹੁੰਦਿਆਂ ਮਦਦ ਲਈ ਵੀ ਹਮੇਸ਼ਾ ਤੱਤਪਰ ਰਹਿੰਦੇ ਹਨ। ਪ੍ਰਵਾਸੀ ਇਸੇ ਤਰ੍ਹਾਂ ਦੇਸ਼-ਵਿਦੇਸ਼ ਵਿੱਚ ਪੰਜਾਬ ਪੰਜਾਬੀਅਤ ਦਾ ਝੰਡਾ ਬੁਲੰਦ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਪ੍ਰਵਾਸੀਆਂ ਵੱਲੋ ਦਿੱਤੇ ਗਏ ਪਿਆਰ ਦੇ ਲਈ ਹਮੇਸ਼ਾ ਹੀ ਰਿਣੀ ਰਹਿਣਗੇ ਅਤੇ ਕਾਂਗਰਸ ਪਾਰਟੀ ਹਮੇਸ਼ਾ ਪ੍ਰਵਾਸੀਆ ਦੇ ਨਾਲ ਖੜੀ ਹੈ। ਇਸ ਮੌਕੇ ਪ੍ਰਬੰਧਕਾ ਵੱਲੋ ਮਾਣਯੋਗ ਸਖਸ਼ੀਅਤਾਂ ਦਾ ਸਨਮਾਨ ਵੀ ਕੀਤਾ ਗਿਆ।