ਪੰਨੂ ਨੇ ਵਿੰਸਟਨ ਪੀਟਰਜ਼ ਦੇ ਬਿਆਨ ਮਗਰੋਂ  ਨਿਊਜ਼ੀਲੈਂਡ ’ਚ ਭਾਰਤੀ ਡਿਪਲੋਮੈਟਾਂ ’ਤੇ ਹਮਲੇ ਦੀ ਧਮਕੀ ਦਿਤੀ

ਪੰਨੂ ਨੇ ਵਿੰਸਟਨ ਪੀਟਰਜ਼ ਦੇ ਬਿਆਨ ਮਗਰੋਂ  ਨਿਊਜ਼ੀਲੈਂਡ ’ਚ ਭਾਰਤੀ ਡਿਪਲੋਮੈਟਾਂ ’ਤੇ ਹਮਲੇ ਦੀ ਧਮਕੀ ਦਿਤੀ

ਕੈਨੇਡਾ ’ਚ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਨਾਲ ਭਾਰਤ ਨੂੰ ਜੋੜਨ ਦੇ ਦਾਅਵਿਆਂ ਨੂੰ ਚੁਨੌਤੀ ਦੇਣ ਵਾਲੇ ਨਿਊਜ਼ੀਲੈਂਡ ਦੇ ਉਪ ਪ੍ਰਧਾਨ ਮੰਤਰੀ ਵਿੰਸਟਨ ਪੀਟਰਜ਼ ਨੂੰ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਨੇ ਧਮਕੀ ਦਿਤੀ ਹੈ। ਖਾਲਿਸਤਾਨ ਹਮਾਇਤੀ ਗਤੀਵਿਧੀਆਂ ਲਈ ਸੁਰਖੀਆਂ ’ਚ ਰਹਿਣ ਵਾਲੇ ਪੰਨੂ ਨੇ ਅਪਣੇ ਤਾਜ਼ਾ ਧਮਕੀ ਵਰਗੇ ਬਿਆਨ ’ਚ ਪੀਟਰਜ਼ ਵਲੋਂ ਭਾਰਤ ਨੂੰ ਕਥਿਤ ਸਮਰਥਨ ਦਿਤੇ ਜਾਣ ’ਤੇ ਅਸੰਤੁਸ਼ਟੀ ਜ਼ਾਹਰ ਕੀਤੀ ਸੀ। ਪੰਨੂ ਨੇ ਹੁਣ ਨਿਊਜ਼ੀਲੈਂਡ ’ਚ ਭਾਰਤੀ ਡਿਪਲੋਮੈਟਾਂ ’ਤੇ ਹਮਲਾ ਕਰਨ ਦੀ ਧਮਕੀ ਦਿਤੀ ਹੈ।

ਅਪਣੀ ਭਾਰਤ ਯਾਤਰਾ ਦੌਰਾਨ ਪੀਟਰਜ਼ ਨੇ ਇਕ ਅੰਗਰੇਜ਼ੀ ਅਖ਼ਬਾਰ ਨੂੰ ਦਿਤੇ ਇੰਟਰਵਿਊ ਵਿਚ ਭਾਰਤੀ ਏਜੰਟਾਂ ਦੀ ਕਥਿਤ ਸ਼ਮੂਲੀਅਤ ਦੀ ਪੁਸ਼ਟੀ ਕਰਨ ਵਾਲੇ ਠੋਸ ਸਬੂਤਾਂ ਜਾਂ ਨਤੀਜਿਆਂ ਦੀ ਅਣਹੋਂਦ ਨੂੰ ਰੇਖਾਂਕਿਤ ਕੀਤਾ। ਪੀਟਰਜ਼ ਨੇ ਕੈਨੇਡਾ ਵਲੋਂ ਪੇਸ਼ ਕੀਤੇ ਗਏ ਸਬੂਤਾਂ ’ਤੇ ਵੀ ਖੁੱਲ੍ਹ ਕੇ ਸਵਾਲ ਚੁੱਕੇ। ਉਨ੍ਹਾਂ ਕਿਹਾ ਸੀ, ‘‘ਇਕ ਸਿਖਲਾਈ ਪ੍ਰਾਪਤ ਵਕੀਲ ਹੋਣ ਦੇ ਨਾਤੇ, ਮੈਂ ਵੇਖਦਾ ਹਾਂ ਕਿ ਕੇਸ ਕਿੱਥੇ ਬਣਦਾ ਹੈ? ਸਬੂਤ ਕਿੱਥੇ ਹਨ? ਇਸ ਸਮੇਂ, ਕੋਈ ਸਬੂਤ ਨਹੀਂ ਦਿਸਦਾ।’’

ਉਨ੍ਹਾਂ ਦਾ ਇਹ ਰੁਖ ਪਿਛਲੇ ਸਾਲ ਸਤੰਬਰ ’ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਪੇਸ਼ ਕੀਤੇ ਗਏ ਬਿਆਨ ਤੋਂ ਵੱਖਰਾ ਹੈ, ਜਿਸ ’ਚ ਉਨ੍ਹਾਂ ਨੇ ਨਿੱਝਰ ਦੇ ਕਤਲ ਲਈ ਭਾਰਤੀ ਏਜੰਟਾਂ ’ਤੇ ਸ਼ੱਕ ਪ੍ਰਗਟਾਇਆ ਸੀ। ਇਹ ਪਹਿਲੀ ਵਾਰੀ ਹੈ ਜਦੋਂ ਅਮਰੀਕਾ, ਕੈਨੇਡਾ, ਬਰਤਾਨੀਆਂ ਅਤੇ ਆਸਟ੍ਰੇਲੀਆ, ਨਿਊਜ਼ੀਲੈਂਡ ਦੀ ਸ਼ਮੂਲੀਅਤ ਵਾਲੇ ‘ਫਾਈਵ-ਆਈਜ਼’ ਜਾਸੂਸੀ ਭਾਈਵਾਲਾਂ ਦੇ ਕਿਸੇ ਮੈਂਬਰ ਨੇ ਓਟਾਵਾ ਦੇ ਦਾਅਵਿਆਂ ਦਾ ਖੁੱਲ੍ਹ ਕੇ ਵਿਰੋਧ ਕੀਤਾ ਹੈ।

18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿਚ ਨਿੱਜਰ ਦੇ ਕਤਲ ਤੋਂ ਬਾਅਦ ਨਵੀਂ ਦਿੱਲੀ ਅਤੇ ਓਟਾਵਾ ਵਿਚਾਲੇ ਸਿਆਸੀ ਉਥਲ-ਪੁਥਲ ਸ਼ੁਰੂ ਹੋ ਗਈ ਸੀ। ਇਸ ਦੋਸ਼ ਨੇ ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਵਧਾ ਦਿਤਾ ਸੀ, ਜਿਸ ਵਿਚ ਜਨਵਰੀ ਵਿਚ ਕੈਨੇਡਾ ਦੇ ਕੌਮੀ ਸੁਰੱਖਿਆ ਸਲਾਹਕਾਰ ਦੀ ਟਿਪਣੀ ਤੋਂ ਬਾਅਦ ਥੋੜ੍ਹਾ ਸੁਧਾਰ ਹੋਇਆ ਸੀ।