ਮਮਤਾ ਨੇ ਟਿਕਟਾਂ ਦੀ ਵੰਡ ’ਤੇ ਨਾਰਾਜ਼ ਛੋਟੇ ਭਰਾ ਤੋਂ ਤੋੜਿਆ ਰਿਸ਼ਤਾ

ਮਮਤਾ ਨੇ ਟਿਕਟਾਂ ਦੀ ਵੰਡ ’ਤੇ ਨਾਰਾਜ਼ ਛੋਟੇ ਭਰਾ ਤੋਂ ਤੋੜਿਆ ਰਿਸ਼ਤਾ

ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਬੁਧਵਾਰ ਨੂੰ ਐਲਾਨ ਕੀਤਾ ਕਿ ਉਹ ਅਪਣੇ ਛੋਟੇ ਭਰਾ ਬਾਬੂਨ ਬੈਨਰਜੀ ਨਾਲ ਸਾਰੇ ਰਿਸ਼ਤੇ ਤੋੜ ਰਹੀ ਹੈ। ਮਮਤਾ ਦਾ ਇਹ ਕਦਮ ਉਸ ਸਮੇਂ ਆਇਆ ਜਦੋਂ ਉਨ੍ਹਾਂ ਦੇ ਭਰਾ ਨੇ ਪਛਮੀ ਬੰਗਾਲ ਦੀ ਹਾਵੜਾ ਲੋਕ ਸਭਾ ਸੀਟ ਤੋਂ ਪ੍ਰਸੂਨ ਬੈਨਰਜੀ ਨੂੰ ਦੁਬਾਰਾ ਉਮੀਦਵਾਰ ਬਣਾਉਣ ’ਤੇ ਨਾਰਾਜ਼ਗੀ ਜ਼ਾਹਰ ਕੀਤੀ। ਬੈਨਰਜੀ ਨੇ ਜਲਪਾਈਗੁੜੀ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਟਿਪਣੀ ਕੀਤੀ। 

ਪਾਰਟੀ ਉਮੀਦਵਾਰਾਂ ਦੀ ਚੋਣ ਦੇ ਵਿਰੁਧ ਬੋਲਣ ਲਈ ਅਪਣੇ ਛੋਟੇ ਭਰਾ ’ਤੇ ਨਿਸ਼ਾਨਾ ਸਾਧਦੇ ਹੋਏ ਬੈਨਰਜੀ ਨੇ ਕਿਹਾ, ‘‘ਹਰ ਚੋਣ ਤੋਂ ਪਹਿਲਾਂ ਉਹ ਸਮੱਸਿਆਵਾਂ ਪੈਦਾ ਕਰਦੇ ਹਨ। ਮੈਂ ਲਾਲਚੀ ਲੋਕਾਂ ਨੂੰ ਪਸੰਦ ਨਹੀਂ ਕਰਦੀ। ਮੈਂ ਵੰਸ਼ਵਾਦ ਦੀ ਸਿਆਸਤ ਵਿਚ ਵਿਸ਼ਵਾਸ ਨਹੀਂ ਕਰਦੀ ਕਿ ਮੈਂ ਉਨ੍ਹਾਂ ਨੂੰ ਚੋਣਾਂ ਵਿਚ ਟਿਕਟ ਦੇਵਾਂਗੀ। ਮੈਂ ਉਸ ਨਾਲ ਸਾਰੇ ਰਿਸ਼ਤੇ ਖਤਮ ਕਰਨ ਦਾ ਫੈਸਲਾ ਕੀਤਾ ਹੈ।’’

ਬੈਨਰਜੀ ਦੇ ਭਾਜਪਾ ’ਚ ਸ਼ਾਮਲ ਹੋਣ ਦੀਆਂ ਮੀਡੀਆ ਰੀਪੋਰਟਾਂ ਬਾਰੇ ਪੁੱਛੇ ਜਾਣ ’ਤੇ ਪਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਕਿਹਾ, ‘‘ਉਹ ਜੋ ਚਾਹੁੰਦੇ ਹਨ ਉਹ ਕਰ ਸਕਦੇ ਹਨ। ਪਾਰਟੀ ਅਪਣੇ ਅਧਿਕਾਰਤ ਉਮੀਦਵਾਰ ਪ੍ਰਸੂਨ ਬੈਨਰਜੀ ਦੇ ਨਾਲ ਖੜੀ ਹੈ।’’ ਬਾਬੂਨ ਬੈਨਰਜੀ ਇਸ ਸਮੇਂ ਨਵੀਂ ਦਿੱਲੀ ’ਚ ਹਨ। ਹਾਲਾਂਕਿ, ਉਨ੍ਹਾਂ ਨੇ ਭਾਜਪਾ ’ਚ ਸ਼ਾਮਲ ਹੋਣ ਦੀਆਂ ਕਿਆਸਅਰਾਈਆਂ ਤੋਂ ਇਨਕਾਰ ਕੀਤਾ, ਪਰ ਇਹ ਵੀ ਕਿਹਾ ਕਿ ਉਹ ‘ਹਾਵੜਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣਾਂ ਲੜਨ ’ਤੇ ਵਿਚਾਰ ਕਰ ਰਹੇ ਹਨ।’

ਉਨ੍ਹਾਂ ਕਿਹਾ, ‘‘ਮੈਂ ਹਾਵੜਾ ਲੋਕ ਸਭਾ ਸੀਟ ਤੋਂ ਉਮੀਦਵਾਰ ਦੀ ਚੋਣ ਤੋਂ ਖੁਸ਼ ਨਹੀਂ ਹਾਂ। ਪ੍ਰਸੂਨ ਬੈਨਰਜੀ ਸਹੀ ਚੋਣ ਨਹੀਂ ਹੈ। ਬਹੁਤ ਸਾਰੇ ਯੋਗ ਉਮੀਦਵਾਰ ਸਨ ਜਿਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ। ਮੈਂ ਉਸ ਅਪਮਾਨ ਨੂੰ ਕਦੇ ਨਹੀਂ ਭੁੱਲ ਸਕਦਾ ਜੋ ਪ੍ਰਸੂਨ ਨੇ ਮੇਰੇ ਨਾਲ ਕੀਤਾ ਸੀ।’’ ਸਾਬਕਾ ਫੁੱਟਬਾਲ ਖਿਡਾਰੀ ਪ੍ਰਸੂਨ ਬੈਨਰਜੀ ਦੂਜੀ ਵਾਰ ਲੋਕ ਸਭਾ ’ਚ ਹਾਵੜਾ ਸੀਟ ਦੀ ਨੁਮਾਇੰਦਗੀ ਕਰ ਰਹੇ ਹਨ ਅਤੇ ਤ੍ਰਿਣਮੂਲ ਕਾਂਗਰਸ ਨੇ ਤੀਜੀ ਵਾਰ ਉਨ੍ਹਾਂ ਨੂੰ ਨਾਮਜ਼ਦ ਕੀਤਾ ਹੈ। 

ਮੁੱਖ ਮੰਤਰੀ ਦੇ ਛੋਟੇ ਭਰਾ ਬੈਨਰਜੀ ਨੇ ਕਿਹਾ ਕਿ ਉਹ ਹਾਵੜਾ ’ਚ ਰਜਿਸਟਰਡ ਵੋਟਰ ਹਨ। ਉਨ੍ਹਾਂ ਕਿਹਾ, ‘‘ਮੈਂ ਜਾਣਦਾ ਹਾਂ ਕਿ ਦੀਦੀ (ਮਮਤਾ ਬੈਨਰਜੀ) ਮੇਰੇ ਨਾਲ ਸਹਿਮਤ ਨਹੀਂ ਹੋਵੇਗੀ। ਪਰ ਜੇਕਰ ਲੋੜ ਪਈ ਤਾਂ ਮੈਂ ਹਾਵੜਾ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਾਂਗਾ।’’ ਭਾਜਪਾ ’ਚ ਸ਼ਾਮਲ ਹੋਣ ਦੀਆਂ ਕਿਆਸਅਰਾਈਆਂ ’ਤੇ ਉਨ੍ਹਾਂ ਨੇ ਜਵਾਬ ਦਿਤਾ, ‘‘ਨਹੀਂ।’’

ਉਨ੍ਹਾਂ ਕਿਹਾ, ‘‘ਜਦੋਂ ਤਕ ਮਮਤਾ ਬੈਨਰਜੀ ਮੌਜੂਦ ਹੈ, ਮੈਂ ਕਦੇ ਵੀ ਪਾਰਟੀ ਨਹੀਂ ਛੱਡਾਂਗਾ ਅਤੇ ਨਾ ਹੀ ਕਿਸੇ ਹੋਰ ਸਿਆਸੀ ਪਾਰਟੀ ’ਚ ਸ਼ਾਮਲ ਹੋਵਾਂਗਾ। ਹਾਂ, ਕਿਉਂਕਿ ਮੈਂ ਖੇਡਾਂ ਨਾਲ ਜੁੜਿਆ ਹੋਇਆ ਹਾਂ, ਮੈਂ ਕਈ ਭਾਜਪਾ ਨੇਤਾਵਾਂ ਨੂੰ ਵੀ ਜਾਣਦਾ ਹਾਂ ਜੋ ਖੇਡਾਂ ਨਾਲ ਜੁੜੇ ਹੋਏ ਹਨ।’’