ਲੋਕ ਸਭਾ ਚੋਣਾਂ ਲਈ ਸੁਨੀਤਾ ਕੇਜਰੀਵਾਲ ਨੇ ਦਿੱਲੀ ਵਿਚ ਕੱਢਿਆ ਅਪਣਾ ਪਹਿਲਾ ਰੋਡ ਸ਼ੋਅ

ਲੋਕ ਸਭਾ ਚੋਣਾਂ ਲਈ ਸੁਨੀਤਾ ਕੇਜਰੀਵਾਲ ਨੇ ਦਿੱਲੀ ਵਿਚ ਕੱਢਿਆ ਅਪਣਾ ਪਹਿਲਾ ਰੋਡ ਸ਼ੋਅ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪਤਨੀ ਸੁਨੀਤਾ ਕੇਜਰੀਵਾਲ ਨੇ ਸ਼ਨਿਚਰਵਾਰ ਸ਼ਾਮ ਪੂਰਬੀ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਸਮਰਥਨ ਵਿਚ ਅਪਣਾ ਪਹਿਲਾ ਲੋਕ ਸਭਾ ਚੋਣ ਰੋਡ ਸ਼ੋਅ ਕੀਤਾ। ਪੂਰਬੀ ਦਿੱਲੀ ਹਲਕੇ ਦੇ ਕੋਂਡਲੀ ਇਲਾਕੇ ਵਿਚ ਸੁਨੀਤਾ ਕੇਜਰੀਵਾਲ ਨੇ ਵਾਹਨ ਵਿਚ ਸਵਾਰ ਹੋ ਕੇ ਵੋਟਰਾਂ ਦਾ ਹੱਥ ਜੋੜ ਕੇ ਧੰਨਵਾਦ ਕੀਤਾ।

ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ‘ਸ਼ੇਰ’ ਹਨ ਅਤੇ ਉਨ੍ਹਾਂ ਨੂੰ ਕੋਈ ਵੀ ਤੋੜ ਜਾਂ ਝੁਕਾ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਨੂੰ ਇਸ ਲਈ ਜੇਲ ਵਿਚ ਡੱਕ ਦਿਤਾ ਗਿਆ ਕਿਉਂਕਿ ਉਨ੍ਹਾਂ ਨੇ ਸਕੂਲ ਬਣਾਏ, ਮੁਫ਼ਤ ਬਿਜਲੀ ਦਿੱਤੀ ਅਤੇ ਮੁਹੱਲਾ ਕਲੀਨਿਕ ਖੋਲ੍ਹੇ। ਸੁਨੀਤਾ ਕੇਜਰੀਵਾਲ ਨੇ ਕਿਹਾ, “ਅਸੀਂ ਤਾਨਾਸ਼ਾਹੀ ਨੂੰ ਹਟਾਉਣ ਅਤੇ ਲੋਕਤੰਤਰ ਨੂੰ ਬਚਾਉਣ ਲਈ ਵੋਟ ਪਾਵਾਂਗੇ”।

ਪਾਰਟੀ ਆਗੂਆਂ ਮੁਤਾਬਕ ਅਰਵਿੰਦ ਕੇਜਰੀਵਾਲ ਵਲੋਂ ਮਨੀ ਲਾਂਡਰਿੰਗ ਮਾਮਲੇ 'ਚ ਜੇਲ ਜਾਣ ਤੋਂ ਬਾਅਦ ਉਨ੍ਹਾਂ ਦੇ ਪਤਨੀ 'ਆਪ' ਦੀ ਚੋਣ ਮੁਹਿੰਮ ਦੀ ਅਗਵਾਈ ਕਰਨਗੇ। ਇਸ ਦੇ ਤਹਿਤ ਸੁਨੀਤਾ ਕੇਜਰੀਵਾਲ ਐਤਵਾਰ ਨੂੰ ਪੱਛਮੀ ਦਿੱਲੀ ਲੋਕ ਸਭਾ ਹਲਕੇ 'ਚ ਵੀ ਰੋਡ ਸ਼ੋਅ ਕਰਨਗੇ। ਪਾਰਟੀ ਆਗੂਆਂ ਨੇ ਕਿਹਾ ਕਿ ਸੁਨੀਤਾ ਕੇਜਰੀਵਾਲ ਦੱਖਣੀ ਦਿੱਲੀ ਅਤੇ ਨਵੀਂ ਦਿੱਲੀ ਹਲਕਿਆਂ ਦੇ ਨਾਲ-ਨਾਲ ਗੁਜਰਾਤ, ਹਰਿਆਣਾ ਅਤੇ ਪੰਜਾਬ 'ਚ 'ਆਪ' ਉਮੀਦਵਾਰਾਂ ਲਈ ਪ੍ਰਚਾਰ ਕਰਨਗੇ।