ਇੱਕ ਕਿਲੋ ਸੋਨਾ ਵਿਦੇਸ਼ ਤੋਂ ਗੁਪਤ ਅੰਗ ''ਚ ਰੱਖ ਕੇ ਲਿਆਇਆ , ਏਅਰਪੋਰਟ ''ਤੇ ਖੁੱਲ੍ਹਿਆ ਭੇਤ

ਇੱਕ ਕਿਲੋ ਸੋਨਾ ਵਿਦੇਸ਼ ਤੋਂ ਗੁਪਤ ਅੰਗ ''ਚ ਰੱਖ ਕੇ ਲਿਆਇਆ , ਏਅਰਪੋਰਟ ''ਤੇ ਖੁੱਲ੍ਹਿਆ ਭੇਤ

ਤਿਰੂਚਿਰਾਪੱਲੀ ਹਵਾਈ ਅੱਡੇ 'ਤੇ ਏਅਰ ਇੰਟੈਲੀਜੈਂਸ ਯੂਨਿਟ (AIU) ਦੇ ਅਧਿਕਾਰੀਆਂ ਨੇ ਇੱਕ ਹੈਰਾਨ ਕਰਨ ਵਾਲੀ ਘਟਨਾ ਵਿੱਚ 26 ਅਪ੍ਰੈਲ ਨੂੰ ਦੁਬਈ ਤੋਂ ਆਏ ਇੱਕ ਯਾਤਰੀ ਦੇ ਗੁਪਤ ਅੰਗ ਵਿੱਚੋਂ 70 ਲੱਖ ਰੁਪਏ ਤੋਂ ਵੱਧ ਮੁੱਲ ਦਾ 24 ਕੈਰੇਟ ਸੋਨਾ ਬਰਾਮਦ ਕੀਤਾ ਹੈ।

ਖੁਫੀਆ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਅਧਿਕਾਰੀਆਂ ਨੇ ਯਾਤਰੀ ਦੀ ਤਲਾਸ਼ੀ ਲਈ ਅਤੇ ਉਸ ਦੇ ਗੁਪਤ ਅੰਗ 'ਚ ਛੁਪਾਏ  ਤਿੰਨ ਪੈਕਟ ਬਰਾਮਦ ਕੀਤੇ। ਇਹ ਪੈਕੇਟ ਇੱਕ ਪੇਸਟ ਵਰਗੇ ਪਦਾਰਥ ਨਾਲ ਭਰੇ ਹੋਏ ਸਨ, ਜਿਸਦਾ ਭਾਰ 1,081 ਗ੍ਰਾਮ ਸੀ। ਜਾਂਚ ਕਰਨ 'ਤੇ ਪਤਾ ਲੱਗਾ ਕਿ ਇਸ ਪੇਸਟ 'ਚ 977 ਗ੍ਰਾਮ 24 ਕੈਰੇਟ ਸੋਨਾ ਛੁਪਾਇਆ ਗਿਆ ਸੀ, ਜਿਸ ਦੀ ਕੀਮਤ 70.58 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ।

ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਤਿਰੂਚਿਰਾਪੱਲੀ ਕਸਟਮ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ। ਇਹ ਘਟਨਾ ਹਵਾਈ ਅੱਡੇ 'ਤੇ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਕਰ ਰਹੀ ਹੈ ਅਤੇ ਤਸਕਰੀ ਦੇ ਨਵੇਂ ਤਰੀਕਿਆਂ ਨਾਲ ਨਜਿੱਠਣ ਲਈ ਵਧੇਰੇ ਚੌਕਸੀ ਦੀ ਲੋੜ 'ਤੇ ਜ਼ੋਰ ਦੇ ਰਹੀ ਹੈ।

ਤਸਕਰ ਸੋਨੇ ਦੀ ਤਸਕਰੀ ਲਈ ਲਗਾਤਾਰ ਨਵੇਂ -ਨਵੇਂ ਤਰੀਕੇ ਅਪਣਾ ਰਹੇ ਹਨ। ਇਸ ਤੋਂ ਪਹਿਲਾਂ ਵੀ ਸੋਨੇ ਨੂੰ ਕੱਪੜਿਆਂ ਵਿੱਚ ਸਿਲਾਈ ਕਰਕੇ, ਜੁੱਤੀਆਂ ਵਿੱਚ ਲੁਕੋ ਕੇ ਅਤੇ ਇਥੋਂ ਤੱਕ ਕੇ ਸਰੀਰ ਦੇ ਅੰਦਰ ਛੁਪਾ ਕੇ ਸੋਨੇ ਦੀ ਤਸਕਰੀ ਕਰਨ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਘਟਨਾ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਤਸਕਰ ਕਿੰਨੇ ਚਲਾਕ ਹਨ ਅਤੇ ਅਧਿਕਾਰੀਆਂ ਨੂੰ ਇਨ੍ਹਾਂ ਨਾਲ ਨਜਿੱਠਣ ਲਈ ਲਗਾਤਾਰ ਚੌਕਸ ਰਹਿਣ ਦੀ ਲੋੜ ਹੈ।