ਭਗਵੰਤ ਮਾਨ ਨੇ ਕਿਹਾ ,"ਹੁਣ ਮੈਨੂੰ ਬੋਲਣ ਦੀ ਲੋੜ ਨਹੀਂ, ਜਨਤਾ ਦੀ ਆਵਾਜ਼ ਹੀ ਦੱਸਦੀ ਹੈ ਕਿ ‘ਆਪ’ 13-0 ਨਾਲ ਜਿੱਤੇਗੀ"

ਭਗਵੰਤ ਮਾਨ ਨੇ ਕਿਹਾ ,

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ ਸਮਾਣਾ ਪਹੁੰਚ ਕੇ ‘ਆਪ’ ਉਮੀਦਵਾਰ ਡਾ. ਬਲਬੀਰ ਸਿੰਘ ਦੇ ਹੱਕ ’ਚ ਰੈਲੀ ਕੀਤੀ। ਮਾਨ ਨੇ ਕਿਹਾ ਕਿ ਹੁਣ ਮੈਨੂੰ ਬੋਲਣ ਦੀ ਲੋੜ ਨਹੀਂ, ਜਨਤਾ ਦੀ ਆਵਾਜ਼ ਹੀ ਦੱਸਦੀ ਹੈ ਕਿ ‘ਆਪ’ 13-0 ਨਾਲ ਪੰਜਾਬ ’ਚ ਵੱਡੀ ਜਿੱਤ ਦਰਜ ਕਰੇਗੀ। ਉਨ੍ਹਾਂ ਕਿਹਾ ਕਿ ਸਾਰਾ ਦੇਸ਼ ਜਾਣ ਚੁੱਕਾ ਹੈ ਕਿ ਜੇਕਰ ਸੰਵਿਧਾਨ ਬਚਾਉਣਾ ਹੈ ਤਾਂ ਭਾਜਪਾ ਦੀ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨਾ ਪਵੇਗਾ, ਨਹੀਂ ਤਾਂ ਦੇਸ਼ ਦਾ ਲੋਕਤੰਤਰ ਖ਼ਤਰੇ ’ਚ ਪੈ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਦੀ ਕਿਸਾਨੀ ਨੂੰ ਖ਼ਤਮ ਕਰ ਪੰਜਾਬ ਦੀ ਅਰਥਵਿਵਸਥਾ ਨੂੰ ਖਤਮ ਕਰਨ ਅਤੇ ਪੰਜਾਬ ਨੂੰ ਦਬਾਉਣ ਦੇ ਮਨਸੂਬੇ ਘੜ ਰਹੀ ਹੈ। ਆਮ ਆਦਮੀ ਪਾਰਟੀ ਧਰਮ ਅਤੇ ਜਾਤ ਦੇ ਨਾਂ ’ਤੇ ਵੋਟ ਨਹੀਂ ਮੰਗਦੀ, ਜਦਕਿ ਭਾਜਪਾ ਨੇ ਹਮੇਸ਼ਾ ਲੋਕਾਂ ’ਚ ਵੰਡੀਆਂ ਪਾ ਕੇ ਵੋਟਾਂ ਮੰਗੀਆਂ ਹਨ।

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੰਬੇ ਸਮੇਂ ਬਾਅਦ ਬੰਦ ਪਏ ਸੂਏ ਚਾਲੂ ਕਰ ਕੇ ਟੇਲਾਂ ਤੱਕ ਪਾਣੀ ਪਹੁੰਚਾਉਣਾ ਸ਼ੁਰੂ ਕੀਤਾ। ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਅਤੇ ਹੋਰ ਸਹੂਲਤਾਂ ਦੇਣ ਲਈ ਸਾਰਥਕ ਕਦਮ ਚੁੱਕੇ ਹਨ। ਇਸ ਮੌਕੇ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਜਨਰਲ ਸਕੱਤਰ ਪੰਜਾਬ ਹਰਚੰਦ ਸਿੰਘ ਬਰਸਟ, ਰਣਜੋਧ ਸਿੰਘ ਹਡਾਣਾ ਚੇਅਰਮੈਨ ਪੀ. ਆਰ. ਟੀ. ਸੀ. ਅਤੇ ਸੂਬਾ ਸਕੱਤਰ ਪੰਜਾਬ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ, ਵਿਧਾਇਕ ਨੀਨਾ ਮਿੱਤਲ, ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ, ਵਿਧਾਇਕ ਗੁਰਲਾਲ ਘਨੌਰ, ਵਿਧਾਇਕ ਦੇਵਮਾਨ, ਵਿਧਾਇਕ ਕੁਲਜੀਤ ਰੰਧਾਵਾ, ਮੇਘ ਚੰਦ ਸ਼ੇਰਮਾਜਰਾ ਚੇਅਰਮੈਨ, ਪਾਰਸ ਸ਼ਰਮਾ, ਰਾਜਾ ਧੰਜੂ ਜ਼ਿਲਾ ਪ੍ਰਧਾਨ ਬੀ. ਸੀ. ਵਿੰਗ, ਪ੍ਰਵੀਨ ਛਾਬਡ਼ਾ ਅਤੇ ਹੋਰ ਪਾਰਟੀ ਆਗੂ ਅਤੇ ਵਰਕਰਾਂ ਤੋਂ ਇਲਾਵਾ ਸੈਂਕੜੇ ਲੋਕ ਮੌਜੂਦ ਸਨ।