ਪ੍ਰਸਿੱਧ ਅੰਤਰਰਾਸ਼ਟਰੀ ਸ਼ਤਰੰਜ ਮਾਸਟਰ ਵਰਗੀਸ ਕੋਸ਼ੀ ਦਾ ਹੋਇਆ ਦਿਹਾਂਤ

ਪ੍ਰਸਿੱਧ ਅੰਤਰਰਾਸ਼ਟਰੀ ਸ਼ਤਰੰਜ ਮਾਸਟਰ ਵਰਗੀਸ ਕੋਸ਼ੀ ਦਾ ਹੋਇਆ ਦਿਹਾਂਤ

ਅੰਤਰਰਾਸ਼ਟਰੀ ਸ਼ਤਰੰਜ ਮਾਸਟਰ ਅਤੇ ਪ੍ਰਸਿੱਧ ਟਰੇਨਰ ਅਤੇ ਮੇਂਟਰ ਵਰਗੀਸ ਕੋਸ਼ੀ ਦਾ ਦਿਹਾਂਤ ਹੋ ਗਿਆ ਹੈ। ਉਹ 66 ਸਾਲਾਂ ਦੇ ਸਨ। ਕੋਸ਼ੀ ਅਪਣੇ ਪਿੱਛੇ ਪਤਨੀ ਤੋਂ ਇਲਾਵਾ ਦੋ ਪੁੱਤਰ ਛੱਡ ਗਏ ਹਨ। ਕੋਸ਼ੀ ਨੂੰ ਅਪਣੇ ਫੇਫੜਿਆਂ ਦੇ ਕੈਂਸਰ ਬਾਰੇ ਦਸ ਮਹੀਨਿਆਂ ਤੋਂ ਪਤਾ ਸੀ ਅਤੇ ਉਸ ਨੇ ਇਸ ਭਿਆਨਕ ਬਿਮਾਰੀ ਦਾ ਹਸਦਿਆਂ ਸਾਹਮਣਾ ਕੀਤਾ।

ਉਨ੍ਹਾਂ ਨੇ ਪਿਛਲੇ ਸਾਲ ਅਕਤੂਬਰ ’ਚ ਕਿਹਾ ਸੀ,‘‘ਅਪਣਾ ਸਮਾਂ ਆ ਗਿਆ ਹੈ।’’ ਕੋਸ਼ੀ ਸ਼ਤਰੰਜ ਦੀ ਦੁਨੀਆਂ ਦੇ ਉਨ੍ਹਾਂ ਕੁਝ ਖਿਡਾਰੀਆਂ ਵਿਚੋਂ ਇਕ ਸੀ ਜਿਨ੍ਹਾਂ ਨੇ ਇਹ ਖੇਡ ਖ਼ੁਦ ਸਿੱਖੀ ਸੀ। ਖੇਡ ਪ੍ਰਤੀ ਉਨ੍ਹਾਂ ਦੀ ਅਤਿ-ਆਧੁਨਿਕ ਪਹੁੰਚ ਨੇ ਉਨ੍ਹਾਂ ਨੂੰ ਉਸ ਦੇ ਜ਼ਿਆਦਾਤਰ ਸਾਥੀਆਂ ਨਾਲੋਂ ਬਿਹਤਰ ਸਥਿਤੀ ਵਿਚ ਰਖਿਆ। ਉਹ ਯੁੱਗ ਜਦੋਂ ਕੰਪਿਊਟਰ ਬਹੁਤ ਘੱਟ ਭੂਮਿਕਾ ਨਿਭਾਉਂਦੇ ਸਨ, ਕੋਸ਼ੀ ਅਪਣੇ ਵਿਸ਼ਲੇਸ਼ਣਾਤਮਕ ਹੁਨਰ ਦੇ ਬਲ ’ਤੇ ਅੱਗੇ ਵਧਿਆ ਅਤੇ ਨੱਬੇ ਦੇ ਦਹਾਕੇ ਦੇ ਸ਼ੁਰੂ ਵਿਚ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਭਾਰਤ ਦਾ ਨੰਬਰ ਦੋ ਖਿਡਾਰੀ ਬਣ ਗਿਆ।

ਕੋਸ਼ੀ ਨੇ ਕਈ ਮੌਕਿਆਂ ’ਤੇ ਦੇਸ਼ ਦੀ ਨੁਮਾਇੰਦਗੀ ਕੀਤੀ ਪਰ ਖੇਡ ਵਿਚ ਉਨ੍ਹਾਂ ਦਾ ਸੱਭ ਤੋਂ ਵੱਡਾ ਯੋਗਦਾਨ ਇੱਕ ਟਰੇਨਰ ਵਜੋਂ ਰਿਹਾ। ਉਸ ਨੇ 1990 ਦੇ ਦਹਾਕੇ ਦੇ ਅੱਧ ਵਿਚ ਪੀ. ਹਰੀਕ੍ਰਿਸ਼ਨ ਨੂੰ ਸਿਖਲਾਈ ਦਿਤੀ ਅਤੇ ਕਈ ਸਾਲਾਂ ਤਕ ਉਸ ਦੇ ਨਾਲ ਕੰਮ ਕੀਤਾ। ਉਹ ਅਪਣੇ ਪਹਿਲੇ ਵੱਡੇ ਮੁਕਾਬਲੇ ਲਈ ਹਰੀਕ੍ਰਿਸ਼ਨ ਨਾਲ ਵਿਜਕ ਆਨ ਜ਼ੀ, ਨੀਦਰਲੈਂਡ ਵੀ ਗਏ। ਹਰੀਕ੍ਰਿਸ਼ਨ ਬਾਅਦ ਵਿਚ ਦੇਸ਼ ਦੇ ਸਰਬੋਤਮ ਖਿਡਾਰੀਆਂ ਵਿਚੋਂ ਇਕ ਬਣੇ। 

ਉਨ੍ਹਾਂ ਨੇ ਸਾਬਕਾ ਵਿਸ਼ਵ ਜੂਨੀਅਰ ਚੈਂਪੀਅਨ ਅਭਿਜੀਤ ਗੁਪਤਾ ਸਮੇਤ ਭਾਰਤ ਦੇ ਕਈ ਹੋਰ ਖਿਡਾਰੀਆਂ ਨੂੰ ਵੀ ਸਿਖਲਾਈ ਦਿਤੀ। ਹਰੀਕ੍ਰਿਸ਼ਨ ਨੇ ਐਕਸ ’ਤੇ ਲਿਖਿਆ,“ਮੈਂ ਅਪਣੇ ਸਾਬਕਾ ਕੋਚ, ਅੰਤਰਰਾਸ਼ਟਰੀ ਮਾਸਟਰ ਵਰਗੀਸ ਕੋਸ਼ੀ ਸਰ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਬਹੁਤ ਦੁਖੀ ਹਾਂ। ਉਨ੍ਹਾਂ ਨੇ ਮੇਰੇ ਕਰੀਅਰ ਨੂੰ ਆਕਾਰ ਦੇਣ ਅਤੇ ਅੰਤਰਰਾਸ਼ਟਰੀ ਮਾਸਟਰ ਬਣਨ ਵਿਚ ਮੇਰੀ ਮਦਦ ਕਰਨ ਵਿਚ ਅਹਿਮ ਭੂਮਿਕਾ ਨਿਭਾਈ।’’ ਉਨ੍ਹਾਂ ਕਿਹਾ,“ਉਨ੍ਹਾਂ ਦੇ ਮਾਰਗਦਰਸ਼ਨ ਵਿਚ ਮੈਂ ਨਾ ਸਿਰਫ ਸ਼ਤਰੰਜ, ਬਲਕਿ ਅਨੁਸ਼ਾਸਨ, ਨੈਤਿਕਤਾ ਅਤੇ ਸਖ਼ਤ ਮਿਹਨਤ ਵੀ ਸਿੱਖੀ। ਇਕ ਹੁਸ਼ਿਆਰ ਵਿਅਕਤੀ ਜਿਸ ਨੇ ਮੇਰੇ ਸਮੇਤ ਕਈ ਭਾਰਤੀ ਸ਼ਤਰੰਜ ਖਿਡਾਰੀਆਂ ਦੇ ਕਰੀਅਰ ਨੂੰ ਆਕਾਰ ਦੇਣ ਵਿਚ ਅਹਿਮ ਭੂਮਿਕਾ ਨਿਭਾਈ।’’