ਪੰਜਾਬ ‘ਚ ਨਵੇਂ ਬੇਅਦਬੀ ਕਾਨੂੰਨ ਤਹਿਤ ਪਹਿਲੀ FIR ਦਰਜ , ਗਲੀ ‘ਚ ਖਿਲਰੇ ਮਿਲੇ ਗੁਟਕਾ ਸਾਹਿਬ ਦੇ ਅੰਗ

ਪੰਜਾਬ ‘ਚ ਨਵੇਂ ਬੇਅਦਬੀ ਕਾਨੂੰਨ ਤਹਿਤ ਪਹਿਲੀ FIR ਦਰਜ , ਗਲੀ ‘ਚ ਖਿਲਰੇ ਮਿਲੇ ਗੁਟਕਾ ਸਾਹਿਬ ਦੇ ਅੰਗ

ਪੰਜਾਬ ਵਿੱਚ ਲਾਗੂ ਕੀਤੇ ਗਏ ਨਵੇਂ ਬੇਅਦਬੀ ਕਾਨੂੰਨ ਤਹਿਤ ਪਹਿਲਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਮੁਕਤਸਰ ਜ਼ਿਲ੍ਹੇ ਦੇ ਮਲੋਟ ਦੇ ਵਾਰਡ ਨੰਬਰ 10 ਵਿੱਚ ਸ਼੍ਰੀ ਗੁਟਕਾ ਸਾਹਿਬ ਦੇ ਫਟੇ ਹੋਏ ਪੰਨੇ ਮਿਲਣ ਤੋਂ ਬਾਅਦ ਕੀਤੀ ਗਈ। ਇਹ ਘਟਨਾ ਪੰਜਾਬ ਸਰਕਾਰ ਵੱਲੋਂ ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026 ਲਾਗੂ ਕਰਨ ਤੋਂ ਬਾਅਦ ਵਾਪਰੀ।

ਡੀਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਫਟੇ ਹੋਏ ਪੰਨੇ ਵਾਰਡ ਨੰਬਰ 10 ਦੀ ਇੱਕ ਗਲੀ ਵਿੱਚੋਂ ਮਿਲੇ ਹਨ। ਸਥਾਨਕ ਲੋਕਾਂ ਨੇ ਅੰਗਾਂ ਇਕੱਠੇ ਕਰਕੇ ਸੁਰੱਖਿਅਤ ਰੱਖੇ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਡੀਐਸਪੀ ਹਰਜੀਤ ਸਿੰਘ ਮਾਨ ਅਤੇ ਐਸਐਚਓ ਹਰਪ੍ਰੀਤ ਸਿੰਘ ਮੌਕੇ ‘ਤੇ ਪਹੁੰਚੇ ਅਤੇ ਜਾਂਚ ਕੀਤੀ। ਇਹ ਘਟਨਾ ਵੀਰਵਾਰ ਨੂੰ ਵਾਪਰੀ। ਜਾਣਕਾਰੀ ਮੁਤਾਬਕ ਜਿਸ ਜਗ੍ਹਾ ‘ਤੇ ਇਹ ਘਟਨਾ ਵਾਪਰੀ ਹੈ, ਉਥੇ ਜ਼ਿਆਦਾਤਰ ਕਬਾੜ ਦਾ ਕੰਮ ਕਰਨ ਵਾਲੇ ਲੋਕ ਰਹਿੰਦੇ ਹਨ। ਜਗੀਰ ਸਿੰਘ ਨੇ ਆਪਣੇ ਦੋਸਤ ਨਾਲ ਮਿਲ ਕੇ ਗੁਟਕਾ ਸਾਹਿਬ ਦੇ ਖਿੰਡੇ ਹੋਏ ਅੰਗ ਇਕੱਠੇ ਕੀਤੇ ਅਤੇ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਵਿੱਚ ਸੁਰੱਖਿਅਤ ਰੱਖਿਆ।

ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੇ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋਏ ਭਾਈਚਾਰੇ ਨੂੰ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ।

ਨਵੇਂ ਕਾਨੂੰਨ ਤਹਿਤ ਹੇਠ ਲਿਖੇ ਕੰਮਾਂ ਨੂੰ ਬੇਅਦਬੀ ਮੰਨਿਆ ਜਾਵੇਗਾ:

-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ‘ਸਵਰੂਪ’ (ਪਵਿੱਤਰ ਗ੍ਰੰਥ) ਨੂੰ ਜਾਣਬੁੱਝ ਕੇ ਪਾੜਨਾ, ਸਾੜਨਾ, ਜਾਂ ਕਿਸੇ ਹੋਰ ਤਰੀਕੇ ਨਾਲ ਵਿਗਾੜਨਾ।

-ਪਵਿੱਤਰ ਗ੍ਰੰਥ ‘ਤੇ ਥੁੱਕਣਾ, ਗੰਦੇ ਹੱਥਾਂ ਨਾਲ ਛੂਹਣਾ, ਜਾਂ ਇਸਨੂੰ ਅਜਿਹੀ ਜਗ੍ਹਾ ‘ਤੇ ਰੱਖਣਾ ਜੋ ਇਸਦੀ ਸ਼ਾਨ ਨੂੰ ਘਟਾਉਂਦਾ ਹੈ।

-ਗੁਰੂ ਸਾਹਿਬ ਦੇ ਸਵਰੂਪ ਨੂੰ ਜਨਤਕ ਤੌਰ ‘ਤੇ ਸੁੱਟਣਾ ਜਾਂ ਗਲੀਆਂ/ਨਾਲੀਆਂ ਵਿੱਚ ਅਣਗੌਲਿਆ ਛੱਡਣਾ।

-ਪਵਿੱਤਰ ਗ੍ਰੰਥ ਨੂੰ ਚੋਰੀ ਕਰਨਾ ਜਾਂ ਇਸਨੂੰ ਗਲਤ ਢੰਗ ਨਾਲ ਰੱਖਣਾ।

-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਸ਼ਰਾਬ, ਤੰਬਾਕੂ, ਜਾਂ ਕੋਈ ਵੀ ਨਸ਼ੀਲਾ ਪਦਾਰਥ ਪੀਣਾ ਜਾਂ ਲਿਜਾਣਾ।

-ਸੋਸ਼ਲ ਮੀਡੀਆ ਜਾਂ ਕਿਸੇ ਹੋਰ ਮਾਧਿਅਮ ਰਾਹੀਂ ਪਵਿੱਤਰ ਗ੍ਰੰਥ ਜਾਂ ਗੁਰੂ ਸਾਹਿਬ ਬਾਰੇ ਅਪਮਾਨਜਨਕ ਟਿੱਪਣੀਆਂ ਜਾਂ ਅਪਮਾਨਜਨਕ ਫੋਟੋਆਂ ਜਾਂ ਵੀਡੀਓ ਬਣਾਉਣਾ।