ਹਥਿਆਰਾਂ ਸਮੇਤ ਵਿਦੇਸ਼ੀ ਗੈਂਗਸਟਰਾਂ ਦਾ ਗੁਰਗਾ ਕਾਬੂ , ਟ੍ਰਾਈਸਿਟੀ ‘ਚ ਕਈ ਟਾਰਗੇਟਸ ‘ਤੇ ਸੀ ਨਜ਼ਰ

ਹਥਿਆਰਾਂ ਸਮੇਤ ਵਿਦੇਸ਼ੀ ਗੈਂਗਸਟਰਾਂ ਦਾ ਗੁਰਗਾ ਕਾਬੂ , ਟ੍ਰਾਈਸਿਟੀ ‘ਚ ਕਈ ਟਾਰਗੇਟਸ ‘ਤੇ ਸੀ ਨਜ਼ਰ

ਪੰਜਾਬ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ​​ਨੇ ਮੋਹਾਲੀ (SAS ਨਗਰ) ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਵਿਦੇਸ਼ੀ ਗੈਂਗਸਟਰਾਂ ਦੇ ਇੱਕ ਮੁੱਖ ਸੰਚਾਲਕ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਦੋਸ਼ੀਆਂ ਤੋਂ ਇੱਕ .32 ਬੋਰ ਦਾ ਪਿਸਤੌਲ ਅਤੇ ਪੰਜ ਕਾਰਤੂਸ ਬਰਾਮਦ ਕੀਤੇ ਗਏ ਹਨ।

ਸ਼ੁਰੂਆਤੀ ਜਾਂਚ ਤੋਂ ਅਹਿਮ ਖੁਲਾਸਾ ਹੋਇਆ ਹੈ ਕਿ ਗ੍ਰਿਫ਼ਤਾਰ ਦੋਸ਼ੀ ਸਿੱਧੇ ਤੌਰ ‘ਤੇ ਵਿਦੇਸ ਵਿਚ ਬੈਠੇ ਗੈਂਗਸਟਰ ਹੈਂਡਲਰਸ ਦੇ ਸੰਪਰਕ ਵਿਚ ਸੀ ਅਤੇ ਉਨ੍ਹਾਂ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਿਹਾ ਸੀ। ਜਾਂਚ ਏਜੰਸੀਆਂ ਨੂੰ ਮਿਲੇ ਇਨਪੁਟ ਦੇ ਮੁਤਾਬਕ, ਦੋਸ਼ੀ ਨੂੰ ਟ੍ਰਾਈਸਿਟੀ ਖੇਤਰ ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ਵਿਚ ਕਈ ਸੰਭਾਵਿਤ ਟਾਰਗੇਟ ਦਿੱਤੇ ਗਏ ਸਨ। ਇਨ੍ਹਾਂ ਟਾਰਗੇਟਸ ਵਿਚ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ਾਮਲ ਸੀ, ਜਿਨ੍ਹਾਂ ਦੀ ਪਲਾਨਿੰਗ ਕਾਫੀ ਸਮੇਂ ਤੋਂ ਕੀਤੀ ਜਾ ਰਹੀ ਸੀ।

ਸੂਤਰਾਂ ਦੇ ਮੁਤਾਬਕ ਦੋਸ਼ੀ ਨੂੰ ਹਰ ਸਰਗਰਮੀ ਲਈ ਆਪਣੇ ਵਿਦੇਸ਼ੀ ਆਕਿਆ ਤੋੰ ਨਿਰਦੇਸ਼ ਮਿਲਦੇ ਸਨ ਅਤੇ ਉਹ ਉਨ੍ਹਾਂ ਦੇ ਕਹਿਣ ‘ਤੇ ਇਲਾਕੇ ਦੀ ਰੇਕੀ (ਜਾਸੂਸੀ) ਵੀ ਕਰ ਰਿਹਾ ਸੀ। ਇਹ ਵੀ ਸਾਹਮਣੇ ਆਇਆ ਹੈ ਕਿ ਦੋਸ਼ੀ ਨੂੰ ਹਥਿਆਰ ਮੁਹੱਈਆ ਕਰਾਏ ਗਏ ਸਨ, ਤਾਂਕਿ ਉਹ ਤੈਅ ਸਮੇਂ ‘ਤੇ ਵਾਰਦਾਤ ਨੂੰ ਅੰਜਾਮ ਦੇ ਸਕੇ।

ਹਾਲਾਂਕਿ, ਪੁਲਿਸ ਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਚੌਕਸੀ ਤੇ ਤੁਰੰਤ ਕਾਰਵਾਈ ਕਰਕੇ ਦੋਸ਼ੀ ਨੂੰ ਸਮਾਂ ਰਹਿੰਦੇ ਗ੍ਰਿਫਤਾਰ ਕਰ ਲਿਆ ਗਿਆ, ਜਿਸ ਨਾਲ ਟ੍ਰਾਈਸਿਟੀ ਇਲਾਕੇ ਵਿਚ ਸੰਭਾਵਿਤ ਵੱਡੀ ਅਪਰਾਧਕ ਘਟਨਾ ਨੂੰ ਟਾਲ ਦਿੱਤਾ ਗਿਆ। ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਜੇ ਦੋਸ਼ੀ ਨੂੰ ਨਹੀਂ ਫੜਿਆ ਜਾਂਦਾ, ਤਾਂ ਉਹ ਕਿਸੇ ਗੰਭੀਰ ਵਾਰਦਾਤ ਨੂੰ ਅੰਜਾਮ ਦੇ ਸਕਦਾ ਸੀ।

ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਕੀ ਗ੍ਰਿਫਤਾਰ ਦੋਸ਼ੀ ਕਿਸੇ ਮਾਡਿਊਲ ਨਾਲ ਜੁੜਿਆ ਹੋਇਆ ਹੈ। ਇਸ ਵੇਲੇ ਪੁਲਿਸ ਅਤੇ ਜਾਂਚ ਏਜੰਸੀਆਂ ਪੂਰੇ ਨੈੱਟਵਰਕ ਦੇ ਅੱਗੇ ਅਤੇ ਪਿੱਛੇ ਵਾਲੇ ਲਿੰਕਾਂ ਦੀ ਜਾਂਚ ਕਰ ਰਹੀਆਂ ਹਨ। ਇਸ ਵਿੱਚ ਇਸ ਗਿਰੋਹ ਨਾਲ ਜੁੜੇ ਲੋਕਾਂ ਅਤੇ ਸਥਾਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਨਾ ਸ਼ਾਮਲ ਹੈ, ਉਹ ਕਿੱਥੋਂ ਫੰਡ ਪ੍ਰਾਪਤ ਕਰ ਰਹੇ ਹਨ, ਹਥਿਆਰ ਕਿਵੇਂ ਸਪਲਾਈ ਕੀਤੇ ਜਾ ਰਹੇ ਹਨ ਅਤੇ ਹੁਣ ਤੱਕ ਕਿਹੜੀਆਂ-ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ ਜਾਂ ਦੇਣ ਦੀ ਯੋਜਨਾ ਸੀ।

ਇਸ ਤੋਂ ਇਲਾਵਾ ਪੁਲਿਸ ਦੋਸ਼ੀ ਤੋਂ ਉਸ ਦੇ ਹੋਰ ਸਾਥੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨ ਲਈ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਤਕਨੀਕੀ ਸਬੂਤਾਂ, ਕਾਲ ਡਿਟੇਲਾਂ ਅਤੇ ਡਿਜੀਟਲ ਟ੍ਰੇਲਜ਼ ਰਾਹੀਂ ਪੂਰੇ ਨੈੱਟਵਰਕ ਦੀਆਂ ਪਰਤਾਂ ਖੋਲ੍ਹੀਾਂ ਜਾ ਰਹੀਆਂ ਹਨ।