ਢਾਕਾ ‘ਚ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਟਕਰਾਅ, ਅੱਥਰੂ ਗੈਸ ਤੇ ਵਾਟਰ ਕੈਨਨ ਦਾ ਇਸਤੇਮਾਲ

ਢਾਕਾ ‘ਚ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਟਕਰਾਅ, ਅੱਥਰੂ ਗੈਸ ਤੇ ਵਾਟਰ ਕੈਨਨ ਦਾ ਇਸਤੇਮਾਲ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਸੋਮਵਾਰ ਸਵੇਰੇ ਉਸ ਵੇਲੇ ਹਿੰਸਾ ਭੜਕ ਗਈ, ਜਦੋਂ 'ਇਸਲਾਮੀ ਬੈਂਕ' ਦੇ ਮੁੱਖ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਲੋਕਾਂ ਅਤੇ ਪੁਲਿਸ ਵਿਚਾਲੇ ਜ਼ਬਰਦਸਤ ਟਕਰਾਅ ਹੋ ਗਿਆ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਵਾਟਰ ਕੈਨਨ, ਅੱਥਰੂ ਗੈਸ ਦੇ ਗੋਲੇ ਅਤੇ ਸਾਊਂਡ ਗ੍ਰਨੇਡਾਂ ਦੀ ਵਰਤੋਂ ਕੀਤੀ, ਜਿਸ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਜਾਣਕਾਰੀ ਅਨੁਸਾਰ, ਇਹ ਪ੍ਰਦਰਸ਼ਨ ਬੈਂਕ ਦੇ ਨਵੇਂ ਨਿਯੁਕਤ ਚੇਅਰਮੈਨ ਅਤੇ ਕੇਂਦਰੀ ਬੈਂਕ ਦੇ ਸਾਬਕਾ ਡਿਪਟੀ ਗਵਰਨਰ ਮੁਹੰਮਦ ਖੁਰਸ਼ੀਦ ਆਲਮ ਦੇ ਖਿਲਾਫ ਕੀਤਾ ਜਾ ਰਿਹਾ ਸੀ। ਪ੍ਰਦਰਸ਼ਨਕਾਰੀਆਂ ਨੇ ਆਲਮ ਦੀ ਨਿਯੁਕਤੀ ਨੂੰ 'ਵਿਵਾਦਪੂਰਨ' ਦੱਸਦਿਆਂ ਉਨ੍ਹਾਂ ਨੂੰ ਬੈਂਕ ਵਿੱਚ ਦਾਖਲ ਨਾ ਹੋਣ ਦੇਣ ਦੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਦੀ ਮੰਗ ਹੈ ਕਿ ਆਲਮ ਨੂੰ ਤੁਰੰਤ ਹਟਾਇਆ ਜਾਵੇ ਅਤੇ ਮੈਨੇਜਿੰਗ ਡਾਇਰੈਕਟਰ ਉਮਰ ਫਾਰੂਕ ਖਾਨ ਨੂੰ ਬਹਾਲ ਕੀਤਾ ਜਾਵੇ।

ਸਥਾਨਕ ਮੀਡੀਆ ਅਨੁਸਾਰ ਇਸ ਪੁਲਿਸ ਕਾਰਵਾਈ ਵਿੱਚ 100 ਤੋਂ ਵੱਧ ਪ੍ਰਦਰਸ਼ਨਕਾਰੀ ਜ਼ਖ਼ਮੀ ਹੋਏ ਹਨ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਸੜਕਾਂ ਜਾਮ ਕਰ ਦਿੱਤੀਆਂ ਅਤੇ ਪੁਲਿਸ 'ਤੇ ਇੱਟਾਂ-ਰੋੜਿਆਂ ਨਾਲ ਹਮਲਾ ਕੀਤਾ, ਜਿਸ ਵਿੱਚ 10 ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਪੁਲਿਸ ਦੀ ਗੋਲੀਬਾਰੀ ਵਿੱਚ 30 ਲੋਕਾਂ ਨੂੰ ਗੋਲੀਆਂ ਲੱਗੀਆਂ ਹਨ, ਪਰ ਪੁਲਿਸ ਨੇ ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।

ਪ੍ਰਦਰਸ਼ਨ ਦੀ ਅਗਵਾਈ ਕਰ ਰਹੇ 'ਇਸਲਾਮੀ ਬੈਂਕ ਡਿਸਗ੍ਰੰਟਲਡ ਕਸਟਮਰਜ਼ ਕੋ-ਆਰਡੀਨੇਸ਼ਨ ਕੌਂਸਲ' ਦੇ ਪ੍ਰਧਾਨ ਨੂਰਨਬੀ ਮਾਣਿਕ ਨੇ ਪੁਲਿਸ ਦੀ ਕਾਰਵਾਈ ਦੀ ਨਿੰਦਾ ਕਰਦਿਆਂ ਕਿਹਾ ਕਿ ਬੈਂਕ ਇਸ ਵੇਲੇ ਗੰਭੀਰ ਨਕਦੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਗਾਹਕ ਬੈਂਕ ਦੀਆਂ ਸ਼ਾਖਾਵਾਂ ਜਾਂ ਏ.ਟੀ.ਐੱਮ.  ਵਿੱਚੋਂ ਆਪਣੀ ਜਮ੍ਹਾਂ ਪੂੰਜੀ ਕਢਵਾਉਣ ਵਿੱਚ ਅਸਮਰੱਥ ਹਨ। ਉਨ੍ਹਾਂ ਕੇਂਦਰੀ ਬੈਂਕ ਨੂੰ ਅਪੀਲ ਕੀਤੀ ਹੈ ਕਿ ਨਵੀਂ ਨਿਯੁਕਤੀ ਰੱਦ ਕਰਕੇ ਬੈਂਕ ਨੂੰ ਬਚਾਇਆ ਜਾਵੇ।