ਹੈਲੀਕਾਪਟਰ ਤੀਰਥ ਯਾਤਰੀਆਂ ਨੂੰ ਕੇਦਾਰਨਾਥ ਲਿਜਾ ਰਿਹਾ ਸੀ ਹੋਇਆ ਹਾਦਸੇ ਦਾ ਸ਼ਿਕਾਰ, 7 ਲੋਕਾਂ ਦੀ ਮੌਤ। 

ਹੈਲੀਕਾਪਟਰ ਤੀਰਥ ਯਾਤਰੀਆਂ ਨੂੰ ਕੇਦਾਰਨਾਥ ਲਿਜਾ ਰਿਹਾ ਸੀ ਹੋਇਆ ਹਾਦਸੇ ਦਾ ਸ਼ਿਕਾਰ, 7 ਲੋਕਾਂ ਦੀ ਮੌਤ। 

ਉੱਤਰਾਖੰਡ ਦੇ ਕੇਦਾਰਨਾਥ ਦੇ ਗਰੁੜਚੱਟੀ 'ਚ ਮੰਗਲਵਾਰ ਨੂੰ ਇਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਸ ਕਾਰਨ ਉਸ 'ਚ ਸਵਾਰ 6 ਸ਼ਰਧਾਲੂਆਂ ਸਮੇਤ 7 ਦੀ ਮੌਤ ਹੋ ਗਈ। ਰਾਜ ਦੇ ਪੁਲਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਅਸ਼ੋਕ ਕੁਮਾਰ ਨੇ ਕਿਹਾ ਕਿ ਹਾਦਸੇ 'ਚ ਮਰਨ ਵਾਲਿਆਂ 'ਚ ਪਾਇਲਟ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਏ ਲੋਕ ਰੁਦਰਪ੍ਰਯਾਗ ਜ਼ਿਲ੍ਹੇ ਦੇ ਕੇਦਾਰਨਾਥ ਮੰਦਰ ਦੇ ਦਰਸ਼ਨ ਕਰਕੇ ਵਾਪਸ ਜਾ ਰਹੇ ਸਨ ਜਦੋਂ ਰਸਤੇ 'ਚ ਉਨ੍ਹਾਂ ਦੇ ਹੈਲੀਕਾਪਟਰ ਨੂੰ ਅੱਗ ਲੱਗ ਗਈ।

                                             Image

ਕੁਮਾਰ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ ਪਰ ਸੰਭਵ ਤੌਰ 'ਤੇ ਇਹ ਹਾਦਸਾ ਧੁੰਦ ਕਾਰਨ ਹੋਇਆ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਦੇ ਨਾਲ-ਨਾਲ ਪੁਲਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੀ ਬਚਾਅ ਕਾਰਜ ਲਈ ਮੌਕੇ 'ਤੇ ਪਹੁੰਚ ਗਈਆਂ।

                                           Image

ਉਨ੍ਹਾਂ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਸ਼ਰਧਾਲੂਆਂ ਦੀ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਾਇਲਟ ਦੀ ਪਛਾਣ ਮੁੰਬਈ ਦੇ ਕੈਪਟਨ ਅਨਿਲ ਵਜੋਂ ਹੋਈ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਹਾਦਸੇ 'ਤੇ ਦੁਖ਼ ਜ਼ਾਹਰ ਕੀਤਾ ਹੈ ਅਤੇ ਘਟਨਾ ਦੀ ਪੂਰੀ ਜਾਂਚ ਦੇ ਆਦੇਸ਼ ਦਿੱਤੇ ਹਨ। ਨਾਗਰਿਕ ਹਵਾਬਾਜ਼ੀ ਮੰਤਰੀ ਜਿਓਤਿਰਾਦਿਤਿਆ ਸਿੰਧੀਆ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਸਥਿਤੀ ਦੀ ਲਗਾਤਾਰ ਨਿਗਰਾਨੀ ਕਰ ਰਿਹਾ ਹੈ। ਉਨ੍ਹਾਂ ਨੇ ਇਕ ਟਵੀਟ 'ਚ ਕਿਹਾ,''ਕੇਦਾਰਨਾਥ 'ਚ ਹੈਲੀਕਾਪਟਰ ਹਾਦਸਾ ਬੇਹੱਦ ਮੰਦਭਾਗੀ ਹੈ। ਅਸੀਂ ਸੂਬਾ ਸਰਕਾਰ ਦੇ ਸੰਪਰਕ 'ਚ ਹਾਂ ਅਤੇ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੇ ਹੋਏ ਹਾਂ।'' ਨਾਗਰਿਕ ਹਵਾਬਾਜ਼ੀ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਹਾਦਸੇ 'ਚ ਸ਼ਾਮਲ ਹੈਲੀਕਾਪਟਰ 'ਆਰੀਅਨ ਏਵੀਏਸ਼ਨ' ਵਲੋਂ ਸੰਚਾਲਿਤ ਕੀਤਾ ਜਾ ਰਿਹਾ ਸੀ।