- Updated: November 16, 2026 07:55 PM
ਜ਼ੀਰਕਪੁਰ ਦੇ ਏਅਰਪੋਰਟ ਰੋਡ ’ਤੇ ਸਥਿਤ ਐਰੋਸਿਟੀ ਦੇ ਬਲਾਕ-ਜੀ ਚੌਕ ਨੇੜੇ ਐਤਵਾਰ ਦੇਰ ਰਾਤ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਦੋਸ਼ ਹੈ ਕਿ ਬਲਾਕ-ਜੀ ਵੱਲੋਂ ਅਚਾਨਕ ਮੁੱਖ ਸੜਕ ’ਤੇ ਆਈ ਥਾਰ ਗੱਡੀ ਨਾਲ ਮੋਟਰਸਾਈਕਲ ਟਕਰਾਉਣ ਕਾਰਨ ਦੋਵੇਂ ਨੌਜਵਾਨ ਸੜਕ ’ਤੇ ਡਿੱਗ ਪਏ। ਇਸੇ ਦੌਰਾਨ ਪਿੱਛੋਂ ਆਈ ਇਕ ਹੋਰ ਥਾਰ ਗੱਡੀ ਉਨ੍ਹਾਂ ਉੱਪਰ ਚੜ੍ਹ ਗਈ ਅਤੇ ਉਸ ਦਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਮ੍ਰਿਤਕਾਂ ਦੀ ਪਛਾਣ ਸੰਸਕਾਰ ਅਤੇ ਰੋਹਿਤ ਕੁਮਾਰ ਵਜੋਂ ਹੋਈ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸੂਰਿਆਂਸ਼ ਸ਼ਰਮਾ, ਵਾਸੀ ਸੈਕਟਰ-66 ਬੀ, ਮੁਹਾਲੀ ਨੇ ਦੱਸਿਆ ਕਿ 15 ਨਵੰਬਰ ਦੀ ਰਾਤ ਕਰੀਬ 10:50 ਵਜੇ ਉਹ ਆਪਣੇ ਦੋਸਤ ਅਰਚਿਤ ਸ਼ਰਮਾ ਨਾਲ ਬੁਲਟ ਮੋਟਰਸਾਈਕਲ ’ਤੇ ਮੁਹਾਲੀ ਤੋਂ ਜ਼ੀਰਕਪੁਰ ਵੱਲ ਆ ਰਿਹਾ ਸੀ। ਉਨ੍ਹਾਂ ਦੇ ਅੱਗੇ ਸੰਸਕਾਰ ਅਤੇ ਰੋਹਿਤ ਕੁਮਾਰ ਕੇਟੀਐੱਮ ਮੋਟਰਸਾਈਕਲ ’ਤੇ ਸਵਾਰ ਸਨ। ਚਾਰੇ ਦੋਸਤ ਜ਼ੀਰਕਪੁਰ ਵਿਚ ਆਪਣੇ ਇਕ ਦੋਸਤ ਦੇ ਫਲੈਟ ਵੱਲ ਜਾ ਰਹੇ ਸਨ।
ਜਦੋਂ ਉਹ ਐਰੋਸਿਟੀ ਦੇ ਬਲਾਕ-ਜੀ ਚੌਕ ਨੇੜੇ ਪਹੁੰਚੇ ਤਾਂ ਚੰਡੀਗੜ੍ਹ ਨੰਬਰ ਦੀ ਥਾਰ ਗੱਡੀ ਦਾ ਚਾਲਕ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਬਿਨਾਂ ਹਾਰਨ ਦਿੱਤੇ ਅਚਾਨਕ ਮੁੱਖ ਸੜਕ ’ਤੇ ਆ ਗਿਆ। ਇਸ ਕਾਰਨ ਸੰਸਕਾਰ ਦਾ ਮੋਟਰਸਾਈਕਲ ਥਾਰ ਨਾਲ ਟਕਰਾ ਗਿਆ ਅਤੇ ਦੋਵੇਂ ਨੌਜਵਾਨ ਸੜਕ ’ਤੇ ਡਿੱਗ ਪਏ। ਇਸੇ ਦੌਰਾਨ ਪਿੱਛੋਂ ਤੇਜ਼ ਰਫ਼ਤਾਰ ਆਈ ਇਕ ਹੋਰ ਅਣਪਛਾਤੀ ਥਾਰ ਗੱਡੀ ਦੋਵਾਂ ਨੌਜਵਾਨਾਂ ਉੱਪਰ ਚੜ੍ਹ ਗਈ। ਹਾਦਸੇ ਮਗਰੋਂ ਚਾਲਕ ਗੱਡੀ ਸਮੇਤ ਫ਼ਰਾਰ ਹੋ ਗਿਆ। ਸੂਰਿਆਂਸ਼ ਅਤੇ ਅਰਚਿਤ ਨੇ ਰਾਹਗੀਰਾਂ ਦੀ ਮਦਦ ਨਾਲ ਦੋਵਾਂ ਜ਼ਖ਼ਮੀਆਂ ਨੂੰ ਮੁਹਾਲੀ ਦੇ ਫੇਜ਼-6 ਸਥਿਤ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ੀਰਕਪੁਰ ਪੁਲਸ ਨੇ ਸੂਰਿਆਂਸ਼ ਸ਼ਰਮਾ ਦੀ ਸ਼ਿਕਾਇਤ ’ਤੇ ਥਾਰ ਗੱਡੀ ਨੰਬਰ ਸੀਐੱਚ-01-ਸੀਕੇ-6200 ਅਤੇ ਦੂਜੀ ਅਣਪਛਾਤੀ ਥਾਰ ਦੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।