ਸੂਰਤ ''ਚ ਪਤੀ-ਪਤਨੀ ਬੈਂਕ ਤੋਂ 100 ਕਰੋੜ ਦਾ ਕਰਜ਼ਾ ਲੈ ਕੇ ਹੋਏ ਫਰਾਰ, CBI ਜਾਂਚ ਸ਼ੁਰੂ 

ਸੂਰਤ ''ਚ ਪਤੀ-ਪਤਨੀ ਬੈਂਕ ਤੋਂ 100 ਕਰੋੜ ਦਾ ਕਰਜ਼ਾ ਲੈ ਕੇ ਹੋਏ ਫਰਾਰ, CBI ਜਾਂਚ ਸ਼ੁਰੂ 

ਗੁਜਰਾਤ ਦੇ ਸੂਰਤ 'ਚ ਬੈਂਕ ਆਫ ਬੜੌਦਾ ਤੋਂ 100 ਕਰੋੜ ਰੁਪਏ ਦਾ ਕਰਜ਼ਾ ਲੈ ਕੇ ਜੋੜਾ ਅਮਰੀਕਾ ਫਰਾਰ ਹੋ ਗਿਆ। ਜੋੜੇ ਦੇ ਨਾਲ ਇਸ ਮਾਮਲੇ ਵਿਚ ਇੱਕ ਹੋਰ ਮੁਲਜ਼ਮ ਵੀ ਫਰਾਰ ਹੈ। ਇਸ ਸਬੰਧੀ ਐਫਆਈਆਰ ਦਰਜ ਕਰਨ ਤੋਂ ਬਾਅਦ ਗਾਂਧੀਨਗਰ ਸੀਬੀਆਈ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਸੂਰਤ ਦੇ ਵਿਜੇ ਸ਼ਾਹ ਅਤੇ ਉਨ੍ਹਾਂ ਦੀ ਪਤਨੀ ਕਵਿਤਾ ਸ਼ਾਹ ਤੋਂ ਇਲਾਵਾ ਸਤੀਸ਼ ਅਗਰਵਾਲ ਨੇ ਬੈਂਕ ਆਫ ਬੜੌਦਾ ਤੋਂ 100 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ।

ਇੰਨਾ ਹੀ ਨਹੀਂ ਮੁਲਜ਼ਮਾਂ ਨੇ ਸੂਰਤ ਸਥਿਤ ਸੋਲਰ ਕੰਪਨੀ ਇੰਫਰਾਸਟਰੱਕਚਰ ਪ੍ਰਾਈਵੇਟ ਲਿਮਟਿਡ ਨੂੰ 2 ਕਰੋੜ ਰੁਪਏ ਦਾ ਭੁਗਤਾਨ ਵੀ ਨਹੀਂ ਕੀਤਾ ਹੈ। ਕੰਪਨੀ ਦੇ ਮਾਲਕ ਨੇ ਇਸ ਦੀ ਸ਼ਿਕਾਇਤ ਪੀਐਮਓ ਅਤੇ ਸੀਬੀਆਈ ਨੂੰ ਕੀਤੀ ਸੀ। ਇਸ ਤੋਂ ਬਾਅਦ ਸੀਬੀਆਈ ਹਰਕਤ ਵਿਚ ਆ ਗਈ ਹੈ। ਇੰਨਾ ਹੀ ਨਹੀਂ ਵਿਜੇ ਸ਼ਾਹ ਸੂਰਤ ਹਾਈਟੈਕ ਸਵੀਟ ਵਾਟਰ ਕੰਪਨੀ ਦੇ ਡਾਇਰੈਕਟਰ ਵੀ ਹਨ। ਇਸ ਤੋਂ ਇਲਾਵਾ ਵਿਜੇ ਸ਼ਾਹ ਖਿਲਾਫ਼ ਰਾਜਸਥਾਨ 'ਚ ਜ਼ਮੀਨ ਦੀ ਧੋਖਾਧੜੀ ਅਤੇ ਸੂਰਤ 'ਚ ਦੋ ਵਿਅਕਤੀਆਂ ਨੂੰ ਇੱਕ ਹੀ ਪਲਾਟ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ।

ਮੁਲਜ਼ਮ ਵਿਜੇ ਸ਼ਾਹ ਨੇ ਇੱਕ ਹੋਰ ਕਾਰੋਬਾਰੀ ਤੋਂ ਵੀ ਪੈਸੇ ਇਕੱਠੇ ਕੀਤੇ ਅਤੇ ਉਸ ਤੋਂ ਬਾਅਦ ਉਹ ਅਮਰੀਕਾ ਭੱਜ ਗਿਆ। ਹਾਲਾਂਕਿ ਦੇਸ਼ ਛੱਡ ਕੇ ਭੱਜਣ ਤੋਂ ਪਹਿਲਾਂ ਸ਼ਾਹ ਜੋੜੇ ਨੇ ਕੰਪਨੀ ਦੇ ਡਾਇਰੈਕਟਰ ਸਤੀਸ਼ ਅਗਰਵਾਲ ਨੂੰ ਡਾਇਰੈਕਟਰ ਦੇ ਅਹੁਦੇ ਤੋਂ ਹਟਾ ਦਿੱਤਾ ਸੀ ਅਤੇ ਉਨ੍ਹਾਂ ਦੇ ਕਰਮਚਾਰੀਆਂ ਨੂੰ ਵੀ ਨੌਕਰੀ ਤੋਂ ਕੱਢ ਦਿੱਤਾ ਸੀ ਤਾਂ ਜੋ ਉਨ੍ਹਾਂ ਖਿਲਾਫ਼ ਕੋਈ ਕਾਰਵਾਈ ਨਾ ਹੋ ਸਕੇ। ਇਸ ਸਿਲਸਿਲੇ ਵਿਚ ਵਿਜੇ ਸ਼ਾਹ ਨੇ ਵੀ ਮੇਮਨ ਕੋ-ਆਪਰੇਟਿਵ ਬੈਂਕ ਤੋਂ ਕਰਜ਼ਾ ਲਿਆ ਅਤੇ ਬਾਅਦ ਵਿਚ ਆਪਣੇ ਆਪ ਨੂੰ ਦੀਵਾਲੀਆ ਐਲਾਨ ਦਿੱਤਾ। ਇਸ ਬੈਂਕ ਦਾ ਬੈਂਕ ਆਫ ਬੜੌਦਾ ਵਿਚ ਰਲੇਵਾਂ ਕਰ ਦਿੱਤਾ ਗਿਆ ਸੀ। ਇੰਨਾ ਹੀ ਨਹੀਂ, ਮੁਲਜ਼ਮ ਵਿਜੇ ਸ਼ਾਹ ਨੇ ਬੈਂਕ ਆਫ ਬੜੌਦਾ ਤੋਂ 100 ਕਰੋੜ ਰੁਪਏ ਦਾ ਲੋਨ ਵੀ ਲਿਆ ਸੀ।