CM ਮਾਨ ਦਾ ਪੰਨੂ ਵਲੋਂ ਧਮਕੀ ਮਿਲਣ ਤੋਂ ਬਾਅਦ ਆਇਆ ਬਿਆਨ, ''''ਗ੍ਰਹਿ ਮੰਤਰਾਲੇ ਤੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ''ਚ ਹਾਂ''''

 CM ਮਾਨ ਦਾ ਪੰਨੂ ਵਲੋਂ ਧਮਕੀ ਮਿਲਣ ਤੋਂ ਬਾਅਦ ਆਇਆ ਬਿਆਨ, ''''ਗ੍ਰਹਿ ਮੰਤਰਾਲੇ ਤੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ''ਚ ਹਾਂ''''

ਕੁੱਝ ਕੱਟੜਪੰਥੀ ਤਾਕਤਾਂ ਵੱਲੋਂ ਦਿੱਤੀ ਜਾ ਰਹੀ ਜਾਨੋਂ ਮਾਰਨ ਦੀ ਧਮਕੀ ਤੋਂ ਨਿਡਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਉਹ ਸੂਬੇ ਦੀ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਦੇ ਰਖਵਾਲੇ ਹਨ ਅਤੇ ਅਜਿਹੀਆਂ ਧਮਕੀਆਂ ਉਨ੍ਹਾਂ ਨੂੰ ਇਸ ਨੇਕ ਕੰਮ ਤੋਂ ਨਹੀਂ ਰੋਕ ਸਕਦੀਆਂ। ਇੱਥੇ ਨੌਜਵਾਨਾਂ ਨੂੰ ਨੌਕਰੀਆਂ ਸਬੰਧੀ ਨਿਯੁਕਤੀ ਪੱਤਰ ਸੌਂਪਣ ਮੌਕੇ ਕਰਵਾਏ ਸਮਾਰੋਹ ਤੋਂ ਇਕ ਪਾਸੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਧਮਕੀਆਂ ਸੂਬਾ ਸਰਕਾਰ ਵੱਲੋਂ ਪੰਜਾਬ ਵਿਰੋਧੀ ਮਨਸੂਬਿਆਂ ਨੂੰ ਨਾਕਾਮ ਕਰਨ ਲਈ ਅਪਣਾਈ ਗਈ ਨੀਤੀ ਦਾ ਕੁਦਰਤੀ ਨਤੀਜਾ ਹਨ।

ਉਨ੍ਹਾਂ ਕਿਹਾ ਕਿ ਇਹ ਲੋਕ ਸੂਬੇ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸਾਡੀ ਸਰਕਾਰ ਇਨ੍ਹਾਂ ਫੁੱਟ ਪਾਊ ਤਾਕਤਾਂ ਨੂੰ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋਣ ਦੇਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੋਣ ਦੇ ਨਾਤੇ ਸੂਬੇ ਦੇ ਅੰਦਰੋਂ ਅਤੇ ਬਾਹਰੋਂ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਹ ਬਿਨਾ ਝੁਕੇ ਅਜਿਹੀਆਂ ਧਮਕੀਆਂ ਦਾ ਬਹਾਦਰੀ ਨਾਲ ਸਾਹਮਣਾ ਕਰਨਗੇ।

ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਪੰਜਾਬ ਵਿਰੋਧੀ ਮਨਸੂਬਿਆਂ ਦੇ ਮੁੱਖ ਸਾਜਿਸ਼ਘਾੜੇ ਵਿਦੇਸ਼ਾਂ ਵਿੱਚ ਪਨਾਹ ਲੈ ਚੁੱਕੇ ਹਨ ਪਰ ਅਸੀਂ ਉਨ੍ਹਾਂ ਨੂੰ ਵਾਪਸ ਲਿਆਉਣ ਅਤੇ ਉਨ੍ਹਾਂ ਦੇ ਗੁਨਾਹਾਂ ਦੀ ਸਜ਼ਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅਜਿਹੇ ਖੌਫਨਾਕ ਅਪਰਾਧੀਆਂ ਨੂੰ ਪਨਾਹ ਦੇਣ ਵਾਲੇ ਦੇਸ਼ਾਂ ਨੂੰ ਵੀ ਵਿਸ਼ਵ ਸ਼ਾਂਤੀ ਦੇ ਵਡੇਰੇ ਹਿੱਤ ਵਿੱਚ ਇਨ੍ਹਾਂ ਕੱਟੜ ਅਪਰਾਧੀਆਂ ਨੂੰ ਸੂਬੇ ਵਿੱਚ ਵਾਪਸ ਭੇਜਣਾ ਚਾਹੀਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਅਜਿਹੇ ਘਿਨਾਉਣੇ ਅਪਰਾਧੀਆਂ ਨੂੰ ਦੇਸ਼ ਵਾਪਸ ਲਿਆ ਕੇ ਦੇਸ਼ ਦੇ ਕਾਨੂੰਨ ਅਨੁਸਾਰ ਸਜ਼ਾਵਾਂ ਦਿਵਾਈਆਂ ਜਾਣ।