ਕੈਨੇਡਾ ਦੇ ਨਾਗਰਿਕਾਂ ਲਈ ਭਾਰਤ ਨੇ ਬਹਾਲ ਕੀਤੀ ਈ-ਵੀਜ਼ਾ ਸਰਵਿਸ

ਕੈਨੇਡਾ ਦੇ ਨਾਗਰਿਕਾਂ ਲਈ ਭਾਰਤ ਨੇ ਬਹਾਲ ਕੀਤੀ ਈ-ਵੀਜ਼ਾ ਸਰਵਿਸ

 ਦੋ ਮਹੀਨੇ ਬਾਅਦ ਭਾਰਤ ਨੇ ਫਿਰ ਤੋਂ ਕੈਨੇਡੀਅਨ ਨਾਗਰਿਕਾਂ ਲਈ ਈ-ਵੀਜ਼ਾ ਸਰਵਿਸ ਦੀ ਸ਼ੁਰੂਆਤ ਕਰ ਦਿੱਤੀ ਹੈ। ਦਰਅਸਲ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਮੁੱਦੇ 'ਤੇ ਕੈਨੇਡਾ ਅਤੇ ਭਾਰਤ ਦੇ ਸਬੰਧਾਂ 'ਚ ਤਣਾਅ ਪੈਦਾ ਹੋ ਗਏ ਸਨ। ਦੋਹਾਂ ਦੇਸ਼ਾਂ ਵਿਚਾਲੇ ਰਿਸ਼ਤੇ ਖਰਾਬ ਹੋਣ ਮਗਰੋਂ ਭਾਰਤ ਨੇ ਈ-ਵੀਜ਼ਾ ਸਰਵਿਸ ਨੂੰ ਰੋਕ ਦਿੱਤਾ ਸੀ। ਸੂਤਰਾਂ ਮੁਤਾਬਕ ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਾ ਸੇਵਾ ਜੋ ਕਿ ਭਾਰਤ ਵੱਲੋਂ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਤੋਂ ਬਾਅਦ ਬੰਦ ਕਰ ਦਿੱਤੀ ਗਈ ਸੀ, ਅੱਜ ਮੁੜ ਸ਼ੁਰੂ ਕਰ ਦਿੱਤੀ ਗਈ ਹੈ।

ਦਰਅਸਲ ਕੈਨੇਡਾ ਵਿਚ ਹਰ ਰੋਜ਼ ਹਿੰਦੂ ਮੰਦਰਾਂ ਦੇ ਨਾਲ-ਨਾਲ ਭਾਰਤੀ ਨਾਗਰਿਕਾਂ 'ਤੇ ਹਮਲੇ ਹੋ ਰਹੇ ਹਨ। ਇਨ੍ਹਾਂ ਸਾਰੀਆਂ ਘਟਨਾਵਾਂ ਤੋਂ ਬਾਅਦ ਵੀ ਭਾਰਤ ਨੇ ਕੈਨੇਡਾ ਵਿਚ ਵੀਜ਼ਾ ਸਰਵਿਸ ਬੰਦ ਨਹੀਂ ਕੀਤੀ ਪਰ ਕੁਝ ਸਮਾਂ ਪਹਿਲਾਂ  ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ 18 ਜੂਨ ਨੂੰ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਜਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।  ਇਸ ਘਟਨਾ ਤੋਂ ਬਾਅਦ ਕੈਨੇਡਾ ਵਿਚ ਮੌਜੂਦ ਖਾਲਿਸਤਾਨੀਆਂ ਨੇ ਭਾਰਤੀ ਨਾਗਰਿਕਾਂ ਦੇ ਨਾਲ-ਨਾਲ ਭਾਰਤੀ ਰਾਜਦੂਤਾਂ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਨਿੱਜਰ ਕਤਲ ਦੇ ਮੁੱਦੇ 'ਤੇ ਜਸਟਿਸ ਟਰੂਡੋ ਨੇ ਵਿਵਾਦਿਤ ਬਿਆਨ ਦਿੱਤਾ ਸੀ ਕਿ ਨਿੱਜਰ ਦੇ ਕਤਲ ਪਿੱਛੇ ਭਾਰਤੀ ਏਜੰਟਾਂ ਦੀ ਸੰਭਾਵੀ ਸ਼ਮੂਲੀਅਤ ਦਾ ਦੋਸ਼ ਲਾਇਆ ਸੀ। ਜਿਸ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ 'ਚ ਤਣਾਅ ਪੈਦਾ ਹੋ ਗਿਆ ਸੀ।  ਭਾਰਤ ਨੇ 2020 ਵਿਚ ਨਿੱਜਰ ਨੂੰ ਅੱਤਵਾਦੀ ਘੋਸ਼ਿਤ ਕੀਤਾ ਸੀ। ਭਾਰਤ ਨੇ ਟਰੂਡੋ ਦੇ ਦੋਸ਼ਾਂ ਨੂੰ ‘ਬੇਤੁਕਾ’ ਦੱਸਦਿਆਂ ਖਾਰਜ ਕਰ ਦਿੱਤਾ ਸੀ।

ਦੱਸ ਦੇਈਏ ਕਿ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿਚ ਆਏ ਤਣਾਅ ਮਗਰੋਂ ਅੱਜ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇਕ-ਦੂਜੇ ਨਾਲ ਆਹਮਣਾ-ਸਾਹਮਣਾ ਹੋਵੇਗਾ। ਦੋਵੇਂ ਨੇਤਾ ਜੀ-20 ਵਰਚੁਅਲ ਸੰਮੇਲਨ ਵਿਚ ਸ਼ਾਮਲ ਹੋਣ ਵਾਲੇ ਹਨ। ਇਸ ਮੀਟਿੰਗ ਤੋਂ ਪਹਿਲਾਂ ਭਾਰਤ ਨੇ ਸਬੰਧਾਂ ਵਿਚ ਸੁਧਾਰ ਦੀ ਪੈਰਵੀ ਕਰਦਿਆਂ ਇਕ ਵੱਡਾ ਕਦਮ ਚੁੱਕਿਆ ਹੈ। ਭਾਰਤ ਅੱਜ ਆਨਲਾਈਨ ਜੀ-20 ਸਿਖਰ ਸੰਮਲੇਨ ਦੀ ਮੇਜ਼ਬਾਨੀ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਨੂੰ ਸੰਬੋਧਿਤ ਕਰਨਗੇ। ਇਸ ਵਿਚ ਰੂਸ ਦੇ ਰਾਸ਼ਟਰਤੀ ਵਲਾਦੀਮੀਰ ਪੁਤਿਨ ਅਤੇ ਟਰੂਡੋ ਵੀ ਸ਼ਾਮਲ ਹੋ ਰਹੇ ਹਨ।