CM ਮਾਨ ਨੂੰ ਪੰਜਾਬ ਦੇ Highways ''ਤੇ ਲਾਏ ਧਰਨੇ ਬਾਰੇ ਕਿਸਾਨਾਂ ਦਾ ਜਵਾਬ, ਜਾਣੋ ਕੀ ਬੋਲੇ

CM ਮਾਨ ਨੂੰ ਪੰਜਾਬ ਦੇ Highways ''ਤੇ ਲਾਏ ਧਰਨੇ ਬਾਰੇ ਕਿਸਾਨਾਂ ਦਾ ਜਵਾਬ, ਜਾਣੋ ਕੀ ਬੋਲੇ

ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਰ 'ਚ ਧਰਨੇ ਲਾਉਣ ਦੇ ਮਾਮਲੇ 'ਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਥੇ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ 26 ਨਵੰਬਰ ਦੇ ਮੋਰਚੇ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਐੱਮ. ਐੱਸ. ਪੀ. ਦੀ ਮੰਗ ਪੂਰੀ ਕੀਤੀ ਜਾਵੇ ਅਤੇ ਇਸ ਦੇ ਨਾਲ ਹੀ ਕਿਸਾਨਾਂ 'ਤੇ ਦਰਜ ਕੇਸਾਂ ਨੂੰ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 26 ਨਵੰਬਰ ਨੂੰ ਅਸੀਂ ਟ੍ਰਿਬਿਊਨ ਚੌਂਕ ਤੋਂ ਚੰਡੀਗੜ੍ਹ ਵੱਲ ਕੂਚ ਕਰਾਂਗੇ ਅਤੇ ਜਿੱਥੇ ਸਾਨੂੰ ਰੋਕਿਆ ਜਾਵੇਗਾ, ਅਸੀਂ ਉੱਥੇ ਬੈਠ ਜਾਵਾਂਗੇ। ਉਨ੍ਹਾਂ ਕਿਹਾ ਕਿ ਸਭ ਦੇ ਇਕੱਠੇ ਹੋ ਕੇ ਬੈਠਣ ਮਗਰੋਂ ਹੀ ਅਗਲੀ ਰਣਨੀਤੀ ਉਲੀਕੀ ਜਾਵੇਗੀ।

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਟਵੀਟ ਦਾ ਜਵਾਬ ਦਿੰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਧਰਨੇ 'ਤੇ ਬੈਠੇ ਕਿਸਾਨਾਂ ਨਾਲ ਗੱਲ ਕਰਾਂਗੇ। ਜੇਕਰ ਸਾਨੂੰ ਮੀਟਿੰਗ ਲਈ ਕੋਈ ਸਰਕਾਰੀ ਚਿੱਠੀ ਆਉਂਦੀ ਹੈ ਤਾਂ ਇਹ ਚਿੱਠੀ ਉਨ੍ਹਾਂ ਨੂੰ ਦਿਖਾ ਕੇ ਤੈਅ ਕਰਾਂਗੇ ਕਿ ਧਰਨਾ ਚੁੱਕਣਾ ਹੈ ਜਾਂ ਕੋਈ ਸੜਕ ਖੋਲ੍ਹਣੀ ਹੈ। ਇਸ ਸਭ ਬਾਅਦ 'ਚ ਤੈਅ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਦੱਸਿਆ ਕਿ 25 ਨਵੰਬਰ ਨੂੰ ਕਿਸਾਨ ਆਗੂ ਟਰੈਕਟਰ ਲੈ ਕੇ ਆ ਜਾਣਗੇ।

ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸਾਨੂੰ ਰੋਕੇਗੀ ਤਾਂ ਫਿਰ ਕਿਸਾਨ ਪੰਜਾਬ ਦੇ ਸਾਰੇ ਹਾਈਵੇਅ ਬੰਦ ਕਰ ਦੇਣਗੇ। ਕਿਸਾਨ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਅਸੀਂ 26 ਤਾਰੀਖ਼ ਨੂੰ ਤੁਹਾਡੇ ਘਰ ਆ ਰਹੇ ਹਾਂ ਅਤੇ ਤੁਹਾਡਾ ਘਰ ਰੋਕ ਕੇ ਉਲਾਂਭਾ ਲਾਹ ਦਿਆਂਗੇ।

ਦੱਸਣਯੋਗ ਹੈ ਕਿ ਮੁੱਖ ਮੰਤਰੀ ਨੇ ਕਿਸਾਨ ਯੂਨੀਅਨਾਂ ਨੂੰ ਅਪੀਲ ਕੀਤੀ ਹੈ ਕਿ ਹਰ ਗੱਲ 'ਤੇ ਸੜਕਾਂ ਰੋਕ ਕੇ ਆਮ ਲੋਕਾਂ ਨੂੰ ਆਪਣੇ ਖ਼ਿਲਾਫ਼ ਨਾ ਕਰੋ। ਸਰਕਾਰ ਨਾਲ ਗੱਲ ਕਰਨ ਲਈ ਚੰਡੀਗੜ੍ਹ ਦਾ ਪੰਜਾਬ ਭਵਨ, ਸੈਕਟਰੀਏਟ, ਖੇਤੀਬਾੜੀ ਮੰਤਰੀ ਦਾ ਦਫ਼ਤਰ ਅਤੇ ਘਰ ਹੈ ਨਾ ਕਿ ਸੜਕਾਂ, ਜੇ ਇਹੀ ਰਵੱਈਆ ਰਿਹਾ ਤਾਂ ਉਹ ਦਿਨ ਦੂਰ ਨਹੀਂ, ਜਦੋਂ ਤੁਹਾਨੂੰ ਧਰਨੇ ਲਈ ਬੰਦੇ ਨਹੀਂ ਲੱਭਣੇ। ਲੋਕਾਂ ਦੀ ਭਾਵਨਾਵਾਂ ਨੂੰ ਸਮਝੋ।