- Updated: January 27, 2026 01:45 PM
ਟਰੰਪ ਵੱਲੋਂ ਭਾਰਤ ‘ਤੇ ਵਧਾਏ ਜਾ ਰਹੇ ਟੈਰਿਫ਼ ਦਬਾਅ ਦੇ ਵਿਚਕਾਰ ਭਾਰਤ ਅਤੇ ਯੂਰਪੀਅਨ ਯੂਨੀਅਨ (EU) ਵਿਚਾਲੇ ਫ੍ਰੀ ਟ੍ਰੇਡ ਐਗਰੀਮੈਂਟ (FTA) ਤੈਅ ਹੋ ਗਿਆ ਹੈ। ਨਵੀਂ ਦਿੱਲੀ ਦੇ ਹੈਦਰਾਬਾਦ ਹਾਊਸ ਵਿੱਚ ਹੋਈ 16ਵੀਂ ਭਾਰਤ–ਈਯੂ ਸਿਖਰ ਵਾਰਤਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਅਤੇ ਯੂਰਪੀਅਨ ਕੌਂਸਲ ਦੇ ਪ੍ਰਧਾਨ ਐਂਟੋਨੀਓ ਕੋਸਟਾ ਦੀ ਮੌਜੂਦਗੀ ਵਿੱਚ ਇਸ ਸਮਝੌਤੇ ਨੂੰ ਅੰਤਿਮ ਰੂਪ ਦਿੱਤਾ ਗਿਆ।
ਇਹ ਸਮਝੌਤਾ ਵਿਸ਼ਵ ਦੀਆਂ ਦੋ ਵੱਡੀਆਂ ਅਰਥਵਿਵਸਥਾਵਾਂ ਨੂੰ ਜੋੜਦਾ ਹੈ, ਜੋ ਮਿਲ ਕੇ ਵਿਸ਼ਵ ਜੀਡੀਪੀ ਦਾ ਕਰੀਬ 25 ਫ਼ੀਸਦੀ ਅਤੇ ਵਿਸ਼ਵ ਵਪਾਰ ਦਾ ਲਗਭਗ ਇੱਕ ਤਿਹਾਈ ਹਿੱਸਾ ਦਰਸਾਉਂਦੀਆਂ ਹਨ। ਸਮਝੌਤੇ ਤਹਿਤ ਯੂਰਪੀਅਨ ਯੂਨੀਅਨ ਤੋਂ ਭਾਰਤ ਆਉਣ ਵਾਲੀਆਂ 96.6 ਫ਼ੀਸਦੀ ਵਸਤੂਆਂ ‘ਤੇ ਟੈਰਿਫ਼ ਘਟਾਏ ਜਾਂ ਖ਼ਤਮ ਕੀਤੇ ਜਾਣਗੇ। ਯੂਰਪੀਅਨ ਸ਼ਰਾਬ ‘ਤੇ ਡਿਊਟੀ 150 ਫ਼ੀਸਦੀ ਤੋਂ ਘਟਾ ਕੇ 40 ਫ਼ੀਸਦੀ ਕਰ ਦਿੱਤੀ ਗਈ ਹੈ, ਜਦਕਿ ਕੈਮੀਕਲ, ਮੈਡੀਕਲ, ਸਰਜੀਕਲ ਉਪਕਰਨਾਂ ਅਤੇ ਕਈ ਹੋਰ ਉਤਪਾਦਾਂ ‘ਤੇ ਟੈਰਿਫ਼ ਪੂਰੀ ਤਰ੍ਹਾਂ ਹਟਾਏ ਗਏ ਹਨ।
ਇਸ ਡੀਲ ਨਾਲ ਭਾਰਤ ਦੇ ਟੈਕਸਟਾਈਲ, ਗਹਿਣਾ ਅਤੇ ਚਮੜਾ ਉਦਯੋਗ ਨੂੰ ਵੱਡਾ ਲਾਭ ਮਿਲੇਗਾ, ਜਦਕਿ ਟੈਰਿਫ਼ ਕਟੌਤੀ ਨਾਲ ਯੂਰਪੀਅਨ ਨਿਰਯਾਤਕਾਂ ਨੂੰ ਹਰ ਸਾਲ ਲਗਭਗ 4 ਬਿਲੀਅਨ ਯੂਰੋ ਦੀ ਬਚਤ ਹੋਣ ਦੀ ਉਮੀਦ ਹੈ।