- Updated: September 07, 2023 05:41 PM
ਭਾਰਤ ਨੇ ਛੋਲੇ, ਦਾਲ ਅਤੇ ਸੇਬ ਸਮੇਤ ਲਗਭਗ ਅੱਧੀ ਦਰਜਨ ਅਮਰੀਕੀ ਉਤਪਾਦਾਂ 'ਤੇ ਵਾਧੂ ਟੈਰਿਫ ਹਟਾ ਦਿੱਤੇ ਹਨ, ਜੋ ਕਿ ਕੁਝ ਸਟੀਲ ਅਤੇ ਐਲੂਮੀਨੀਅਮ ਉਤਪਾਦਾਂ 'ਤੇ ਟੈਰਿਫ ਵਧਾਉਣ ਦੇ ਅਮਰੀਕੀ ਫੈਸਲੇ ਦੇ ਜਵਾਬ ਵਿੱਚ 2019 ਵਿੱਚ ਲਗਾਏ ਗਏ ਸਨ। ਭਾਰਤ ਨੇ ਅਮਰੀਕਾ ਦੇ ਇਸ ਕਦਮ ਦਾ ਬਦਲਾ ਲੈਣ ਲਈ 2019 ਵਿੱਚ 28 ਅਮਰੀਕੀ ਉਤਪਾਦਾਂ 'ਤੇ ਇਹ ਡਿਊਟੀਆਂ ਲਗਾਈਆਂ ਸਨ। ਵਿੱਤ ਮੰਤਰਾਲਾ ਦੇ ਪੰਜ ਸਤੰਬਰ ਦੇ ਨੋਟੀਫਿਕੇਸ਼ਨ ’ਚ ਇਨ੍ਹਾਂ ਉਤਪਾਦਾਂ ਤੋਂ ਡਿਊਟੀ ਹਟਾਉਣ ਦੀ ਜਾਣਕਾਰੀ ਦਿੱਤੀ ਗਈ ਹੈ।
ਇਨ੍ਹਾਂ ਉਤਪਾਦਾਂ ’ਚ ਛੋਲੇ, ਦਾਲ (ਮਸਰ), ਸੇਬ, ਛਿਲਕੇ ਵਾਲਾ ਅਖਰੋਟ ਅਤੇ ਤਾਜ਼ੇ ਜਾਂ ਸੁੱਕੇ ਬਦਾਮ ਦੇ ਨਾਲ ਹੀ ਛਿਲਕੇ ਵਾਲੇ ਬਦਾਮ ਸ਼ਾਮਲ ਹਨ। ਭਾਰਤ ਨੇ ਇਹ ਕਦਮ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਦੇ ਜੀ-20 ਸਿਖਰ ਸੰਮੇਲਨ ਲਈ ਭਾਰਤ ਆਉਣ ਤੋਂ ਪਹਿਲਾਂ ਉਠਾਇਆ ਹੈ। ਬਾਈਡੇਨ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੋਪੱਖੀ ਗੱਲਬਾਤ ਵੀ ਕਰਨਗੇ। ਪ੍ਰਧਾਨ ਮੰਤਰੀ ਦੀ ਜੂਨ ’ਚ ਅਧਿਕਾਰਕ ਅਮਰੀਕਾ ਯਾਤਰਾ ’ਤੇ ਦੋਵੇਂ ਦੇਸ਼ਾਂ ਨੇ ਵਿਸ਼ਵ ਵਪਾਰ ਸੰਗਠਨ (ਡਬਲਯੂ. ਟੀ. ਓ.) ਵਿਚ ਛੇ ਵਿਵਾਦਾਂ ਨੂੰ ਖ਼ਤਮ ਕਰਨ ਅਤੇ ਅਮਰੀਕੀ ਉਤਪਾਦਾਂ ’ਤੇ ਲਗਾਏ ਗਏ ਜਵਾਬੀ ਟੈਰਿਫਾਂ ਨੂੰ ਹਟਾਉਣ ਦਾ ਫ਼ੈਸਲਾ ਲਿਆ ਸੀ।
ਸਮਝੌਤੇ ਵਜੋਂ ਭਾਰਤ ਛੋਲਿਆਂ ’ਤੇ 10 ਫ਼ੀਸਦੀ, ਮਸਰ ਦਾਲ ’ਤੇ 20 ਫ਼ੀਸਦੀ, ਤਾਜ਼ੇ ਅਤੇ ਸੁੱਕੇ ਬਾਦਮ ’ਤੇ ਸੱਤ ਰੁਪਏ ਪ੍ਰਤੀ ਕਿਲੋਗ੍ਰਾਮ, ਛਿਲਕੇ ਵਾਲੇ ਬਦਾਮ ’ਤੇ 20 ਰੁਪਏ ਪ੍ਰਤੀ ਕਿਲੋਗ੍ਰਾਮ, ਅਖਰੋਟ ’ਤੇ 20 ਫ਼ੀਸਦੀ ਅਤੇ ਤਾਜ਼ਾ ਸੇਬ ’ਤੇ 20 ਫ਼ੀਸਦੀ ਡਿਊਟੀ ਹਟਾਏਗਾ। ਵਪਾਰ ਅਤੇ ਉਦਯੋਗ ਰਾਜ ਮੰਤਰੀ ਅਨੁਪ੍ਰੀਆ ਪਟੇਲ ਨੇ ਜੁਲਾਈ ’ਚ ਰਾਜਸਭਾ ਵਿੱਚ ਲਿਖਤੀ ਜਵਾਬ ਵਿਚ ਕਿਹਾ ਸੀ ਕਿ ਸਰਕਾਰ ਨੇ ਸੁੱਕੇ, ਤਾਜ਼ੇ, ਛਿਲਕੇ ਵਾਲੇ ਬਦਾਮ, ਅਖਰੋਟ, ਛੋਲੇ, ਮਸਰ, ਸੇਬ, ਬੋਰਿਕ ਐਸਿਡ ਅਤੇ ‘ਮੈਡੀਕਲ ਡਾਇਗਨੋਸਟਿਕ ਰੀਜੈਂਟਸ’ ’ਤੇ ਲਗਾਈ ਗਈ ਕਾਊਂਟਰਵੇਲਿੰਗ ਡਿਊਟੀ ਨੂੰ ਹਟਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਸੀ ਕਿ ਭਾਰਤ ਨੂੰ ਅਮਰੀਕਾ ਵਿਰੁੱਧ ਲਗਾਈ ਗਈ ਜਵਾਬੀ ਡਿਊਟੀ ਨੂੰ ਖ਼ਤਮ ਕਰਨ ਜਾਂ ਦਰਾਮਦ ਡਿਊਟੀ ਘਟਾਉਣ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ। ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ।