ਹਿਜ਼ਬੁੱਲਾ ਦੇ ਡਰੋਨ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਦੱਖਣੀ ਲੇਬਨਾਨ ’ਤੇ ਕੀਤਾ ਹਮਲਾ

ਹਿਜ਼ਬੁੱਲਾ ਦੇ ਡਰੋਨ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਦੱਖਣੀ ਲੇਬਨਾਨ ’ਤੇ ਕੀਤਾ ਹਮਲਾ

ਹਿਜ਼ਬੁੱਲਾ ਵੱਲੋਂ ਇਜ਼ਰਾਈਲੀ ਫੌਜ 'ਤੇ ਦੋ ਵਿਸਫੋਟਕ ਡਰੋਨਾਂ ਨਾਲ ਹਮਲਾ ਕੀਤੇ ਜਾਣ ਤੋਂ ਬਾਅਦ ਇਜ਼ਰਾਈਲ ਨੇ ਬੁੱਧਵਾਰ ਨੂੰ ਦੱਖਣੀ ਲੇਬਨਾਨ 'ਤੇ ਹਵਾਈ ਹਮਲੇ ਅਤੇ ਗੋਲੀਬਾਰੀ ਕੀਤੀ। ਇਸ ਘਟਨਾ ਨੂੰ ਜੂਨ ਵਿੱਚ ਹੋਈ ਜੰਗਬੰਦੀ ਦੇ ਹਾਲੀਆ ਟੈਸਟ ਵਜੋਂ ਦੇਖਿਆ ਜਾ ਰਹੀ ਹੈ। ਇਜ਼ਰਾਈਲੀ ਫੌਜ ਅਨੁਸਾਰ ਹਿਜ਼ਬੁੱਲਾ ਨੇ ਰਾਤੋ-ਰਾਤ ਅਲੀ ਅਲ-ਤਾਹਰ ਰਿਜ 'ਤੇ ਮੌਜੂਦ ਉਨ੍ਹਾਂ ਦੇ ਜਵਾਨਾਂ ਵੱਲ ਦੋ ਵਿਸਫੋਟਕ ਡਰੋਨ ਭੇਜੇ ਸਨ। ਫੌਜ ਨੇ ਇਨ੍ਹਾਂ ਵਿੱਚੋਂ ਇੱਕ ਡਰੋਨ ਨੂੰ ਡੇਗ ਦਿੱਤਾ ਅਤੇ ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਸ ਦੇ ਜਵਾਬ ਵਿੱਚ ਇਜ਼ਰਾਈਲੀ ਫੌਜ ਨੇ ਨਬਾਤੀਹ ਇਲਾਕੇ ਵਿੱਚ ਹਿਜ਼ਬੁੱਲਾ ਦੇ ਬੁਨਿਆਦੀ ਢਾਂਚੇ ਅਤੇ ਉਨ੍ਹਾਂ ਥਾਵਾਂ ਨੂੰ ਨਿਸ਼ਾਨਾ ਬਣਾਇਆ, ਜਿਨ੍ਹਾਂ ਦੀ ਵਰਤੋਂ ਇਜ਼ਰਾਈਲੀ ਫੌਜੀਆਂ ਵਿਰੁੱਧ ਹਮਲਿਆਂ ਦੀ ਯੋਜਨਾ ਬਣਾਉਣ ਅਤੇ ਨਿਰਦੇਸ਼ ਦੇਣ ਲਈ ਕੀਤੀ ਜਾਂਦੀ ਸੀ।

ਲੇਬਨਾਨ ਦੀ ਨੈਸ਼ਨਲ ਨਿਊਜ਼ ਏਜੰਸੀ (NNA) ਅਨੁਸਾਰ,ਇਜ਼ਰਾਈਲ ਨੇ ਨਬਾਤੀਹ ਅਲ-ਫੌਕਾ, ਅਰਬ ਸਲੀਮ, ਅਲੀ ਅਲ-ਤਾਹਰ ਰਿਜ 'ਤੇ ਗੋਲੀਬਾਰੀ ਅਤੇ ਹਵਾਈ ਹਮਲੇ ਕੀਤੇ ਹਨ ਅਤੇ ਜ਼ਵਤਾਰ ਅਲ-ਸ਼ਰਕੀਆ ਵੱਲ ਮਸ਼ੀਨ-ਗਨ ਨਾਲ ਗੋਲੀਬਾਰੀ ਕੀਤੀ ਗਈ ਹੈ। ਲੇਬਨਾਨ ਦੇ ਸਿਹਤ ਮੰਤਰਾਲੇ ਦੇ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਵੱਲੋਂ ਮੰਗਲਵਾਰ ਨੂੰ ਜਾਰੀ ਰਿਪੋਰਟ ਅਨੁਸਾਰ ਮਾਰਚ ਵਿੱਚ ਸ਼ੁਰੂ ਹੋਈ ਤਾਜ਼ਾ ਲੜਾਈ ਦੌਰਾਨ ਲੇਬਨਾਨ ਵਿੱਚ ਇਜ਼ਰਾਈਲੀ ਹਮਲਿਆਂ ਕਾਰਨ ਹੁਣ ਤੱਕ 4,353 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਵੇਂ ਜੂਨ ਵਿੱਚ ਅਮਰੀਕਾ ਦੀ ਵਿਚੋਲਗੀ ਨਾਲ ਹੋਈ ਜੰਗਬੰਦੀ ਕਾਰਨ ਲੜਾਈ ਵਿੱਚ ਕਮੀ ਆਈ ਸੀ, ਪਰ ਇਜ਼ਰਾਈਲੀ ਹਮਲੇ ਲਗਾਤਾਰ ਜਾਰੀ ਹਨ ਅਤੇ ਇਜ਼ਰਾਈਲੀ ਫੌਜ ਅਜੇ ਵੀ ਕਬਜ਼ੇ ਵਾਲੇ ਖੇਤਰਾਂ ਵਿੱਚ ਮੌਜੂਦ ਹੈ। ਦੱਖਣੀ ਲੇਬਨਾਨ ਵਿੱਚ ਇਜ਼ਰਾਈਲ ਦੀਆਂ ਹਵਾਈ ਅਤੇ ਜ਼ਮੀਨੀ ਕਾਰਵਾਈਆਂ, ਤੋਪਖਾਨੇ ਦੀ ਬੰਬਾਰੀ ਅਤੇ ਢਾਹੁਣ ਦੇ ਕੰਮ ਲਗਾਤਾਰ ਚੱਲ ਰਹੇ ਹਨ। ਐਤਵਾਰ ਨੂੰ ਇਜ਼ਰਾਈਲੀ ਜੰਗੀ ਜਹਾਜ਼ਾਂ ਨੇ ਜ਼ਵਤਾਰ ਅਲ-ਸ਼ਰਕੀਆ ਅਤੇ ਮਾਇਫਾਦੌਨ ਵਿਚਕਾਰ, ਅਤੇ ਬਾਅਦ ਵਿੱਚ ਜ਼ਵਤਾਰ ਅਤੇ ਅਰਨੌਨ ਵਿਚਕਾਰ ਹਮਲੇ ਕੀਤੇ, ਜਦਕਿ ਅਰਨੌਨ ਅਲ-ਸ਼ਕੀਫ ਅਤੇ ਯਾਹਮਰ ਅਲ-ਸ਼ਕੀਫ ਦੇ ਬਾਹਰੀ ਇਲਾਕਿਆਂ ਵਿੱਚ ਵੱਡੇ ਧਮਾਕੇ ਕੀਤੇ ਗਏ।

ਇਸ ਵਿਗੜਦੀ ਸਥਿਤੀ ਦਰਮਿਆਨ ਲੇਬਨਾਨ ਦੇ ਪ੍ਰਧਾਨ ਮੰਤਰੀ ਨਵਾਫ਼ ਸਲਾਮ ਨੇ ਐਤਵਾਰ ਨੂੰ ਵਾਅਦਾ ਕੀਤਾ ਕਿ ਦੱਖਣੀ ਲੇਬਨਾਨ ਤੋਂ ਉੱਜੜੇ ਨਾਗਰਿਕ ਸੁਰੱਖਿਅਤ ਅਤੇ ਸਨਮਾਨ ਨਾਲ ਵਾਪਸ ਪਰਤਣਗੇ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਕਿ, "ਦੱਖਣੀ ਹਿੱਸਾ ਅਜਿਹਾ ਖੁੱਲ੍ਹਾ ਅਖਾੜਾ ਨਹੀਂ ਬਣਨਾ ਚਾਹੀਦਾ ਜਿੱਥੇ ਲੇਬਨਾਨ ਤੋਂ ਬਾਹਰ ਤੈਅ ਹੋਣ ਵਾਲੀਆਂ ਜੰਗਾਂ ਅਤੇ ਸੰਘਰਸ਼ ਲੜੇ ਜਾਣ"। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੰਗ ਅਤੇ ਸ਼ਾਂਤੀ ਦੇ ਫੈਸਲਿਆਂ 'ਤੇ ਸਿਰਫ਼ ਲੇਬਨਾਨੀ ਰਾਜ (ਸਰਕਾਰ) ਦਾ ਹੀ ਪੂਰਾ ਅਧਿਕਾਰ ਹੋਣਾ ਚਾਹੀਦਾ ਹੈ।