- Updated: September 05, 2026 04:57 PM
ਸਾਈਬਰ ਅਪਰਾਧੀਆਂ ਵੱਲੋਂ ਲੋਕਾਂ ਨੂੰ ਪੁਲਸ ਜਾਂ ਕਿਸੇ ਹੋਰ ਕੇਂਦਰੀ ਏਜੰਸੀ ਦਾ ਅਧਿਕਾਰੀ ਬਣ ਕੇ ਵੀਡੀਓ ਕਾਲ ਜ਼ਰੀਏ ਡਰਾਉਣ ਅਤੇ 'ਡਿਜੀਟਲ ਅਰੈਸਟ' ਦੇ ਨਾਂ ’ਤੇ ਠੱਗੀ ਕਰਨ ਦੇ ਵਧਦੇ ਯਤਨਾਂ ਨੂੰ ਲੈ ਕੇ ਪੁਲਸ ਕਮਿਸ਼ਨਰ ਸਤਿੰਦਰ ਸਿੰਘ ਨੇ ਆਮ ਜਨਤਾ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ।
ਪੁਲਸ ਕਮਿਸ਼ਨਰੇਟ ਜਲੰਧਰ ਵੱਲੋਂ ਜਾਰੀ ਜਾਗਰੂਕਤਾ ਸੰਦੇਸ਼ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਕਿਸੇ ਵੀ ਪੁਲਸ ਅਧਿਕਾਰੀ ਜਾਂ ਸਰਕਾਰੀ ਏਜੰਸੀ ਵੱਲੋਂ ਫ਼ੋਨ ਜਾਂ ਵੀਡੀਓ ਕਾਲ ਜ਼ਰੀਏ ਕਿਸੇ ਵਿਅਕਤੀ ਨੂੰ 'ਡਿਜੀਟਲ ਅਰੈਸਟ' ਨਹੀਂ ਕੀਤਾ ਜਾ ਸਕਦਾ। ਸਾਈਬਰ ਠੱਗ ਇਸੇ ਤਰ੍ਹਾਂ ਦੀਆਂ ਝੂਠੀਆਂ ਧਮਕੀਆਂ ਦੀ ਵਰਤੋਂ ਕਰ ਕੇ ਲੋਕਾਂ ਨੂੰ ਮਾਨਸਿਕ ਰੂਪ ਵਿਚ ਭੈਅਭੀਤ ਕਰਦੇ ਹਨ ਅਤੇ ਫਿਰ ਉਨ੍ਹਾਂ ਤੋਂ ਪੈਸੇ, ਓ. ਟੀ. ਪੀ. ਅਤੇ ਬੈਂਕਿੰਗ ਨਾਲ ਸਬੰਧਤ ਜਾਣਕਾਰੀ ਹਾਸਲ ਕਰਨ ਦਾ ਯਤਨ ਕਰਦੇ ਹਨ।
ਪੁਲਸ ਅਨੁਸਾਰ ਠੱਗ ਫ਼ੋਨ ’ਤੇ ਇਹ ਕਹਿ ਸਕਦੇ ਹਨ ਕਿ ਵਿਅਕਤੀ ਦਾ ਆਧਾਰ ਕਾਰਡ, ਮੋਬਾਈਲ ਨੰਬਰ ਜਾਂ ਬੈਂਕ ਖ਼ਾਤਾ ਕਿਸੇ ਅਪਰਾਧ ਨਾਲ ਜੁੜਿਆ ਹੋਇਆ ਹੈ। ਇਸ ਤੋਂ ਬਾਅਦ ਉਹ ਖ਼ੁਦ ਨੂੰ ਪੁਲਸ ਅਧਿਕਾਰੀ ਜਾਂ ਕਿਸੇ ਕੇਂਦਰੀ ਜਾਂਚ ਏਜੰਸੀ ਦਾ ਅਧਿਕਾਰੀ ਦੱਸ ਕੇ ਪੀੜਤ ਨੂੰ ਵੀਡੀਓ ਕਾਲ ’ਤੇ ਰਹਿਣ, ਕਿਸੇ ਨਾਲ ਸੰਪਰਕ ਨਾ ਕਰਨ ਅਤੇ ਕਥਿਤ ਜਾਂਚ ਪੂਰੀ ਹੋਣ ਤਕ ‘ਡਿਜੀਟਲ ਅਰੈਸਟ’ ਵਿਚ ਰਹਿਣ ਦੀ ਧਮਕੀ ਦਿੰਦੇ ਹਨ।
ਸੀ. ਪੀ. ਸਤਿੰਦਰ ਸਿੰਘ ਨੇ ਕਿਹਾ ਕਿ ਕਈ ਮਾਮਲਿਆਂ ਵਿਚ ਠੱਗ ਜਾਂਚ ਤੋਂ ਬਚਾਉਣ ਜਾਂ ਮਾਮਲਾ ਖ਼ਤਮ ਕਰਨ ਦੇ ਨਾਂ ’ਤੇ ਪੈਸੇ ਟਰਾਂਸਫਰ ਕਰਨ ਲਈ ਕਹਿੰਦੇ ਹਨ। ਪੁਲਸ ਨੇ ਲੋਕਾਂ ਨੂੰ ਸਪੱਸ਼ਟ ਕੀਤਾ ਹੈ ਕਿ ਅਜਿਹੀ ਮੰਗ ਸਾਈਬਰ ਠੱਗੀ ਦਾ ਸੰਕੇਤ ਹੋ ਸਕਦੀ ਹੈ। ਪੁਲਸ ਕਮਿਸ਼ਨਰ ਸਤਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਪੁਲਸ ਜਾਂ ਕਿਸੇ ਸਰਕਾਰੀ ਵਿਭਾਗ ਦਾ ਅਧਿਕਾਰੀ ਬਣ ਕੇ ਫ਼ੋਨ ਕੀਤਾ ਜਾਂਦਾ ਹੈ ਅਤੇ ਅਪਰਾਧਿਕ ਮਾਮਲੇ ਵਿਚ ਫਸਾਉਣ ਦੀ ਧਮਕੀ ਦਿੱਤੀ ਜਾਂਦੀ ਹੈ, ਤਾਂ ਘਬਰਾਓ ਨਾ ਅਤੇ ਕਿਸੇ ਵੀ ਤਰ੍ਹਾਂ ਦਾ ਭੁਗਤਾਨ ਨਾ ਕਰੋ।
ਉਨ੍ਹਾਂ ਲੋਕਾਂ ਨੂੰ ਵਿਸ਼ੇਸ਼ ਰੂਪ 'ਚ ਇਹ ਸਾਵਧਾਨੀਆਂ ਵਰਤਣ ਲਈ ਕਿਹਾ :
-ਅਣਜਾਣ ਲਿੰਕ ’ਤੇ ਕਲਿੱਕ ਨਾ ਕਰੋ।
-ਓ. ਟੀ. ਪੀ., ਪਿਨ, ਪਾਸਵਰਡ ਜਾਂ ਬੈਂਕ ਖ਼ਾਤੇ ਦੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
-ਕਿਸੇ ਦੇ ਦਬਾਅ ਜਾਂ ਧਮਕੀ ਵਿਚ ਆ ਕੇ ਪੈਸੇ ਟਰਾਂਸਫਰ ਨਾ ਕਰੋ।
-ਅਣਪਛਾਤੇ ਵਿਅਕਤੀ ਦੇ ਕਹਿਣ ’ਤੇ ਕੋਈ ਐਪ ਇੰਸਟਾਲ ਨਾ ਕਰੋ ਅਤੇ ਸਕ੍ਰੀਨ ਸ਼ੇਅਰ ਨਾ ਕਰੋ।
-ਸ਼ੱਕੀ ਵੀਡੀਓ ਕਾਲ ਜਾਂ ਫ਼ੋਨ ਆਉਣ ’ਤੇ ਤੁਰੰਤ ਕਾਲ ਡਿਸਕਨੈਕਟ ਕਰੋ।
-ਸਬੰਧਤ ਪੁਲਸ ਵਿਭਾਗ ਨਾਲ ਖ਼ੁਦ ਅਧਿਕਾਰਤ ਮਾਧਿਅਮ ਨਾਲ ਸੰਪਰਕ ਕਰਕੇ ਮਾਮਲੇ ਦੀ ਪੁਸ਼ਟੀ ਕਰੋ।
ਠੱਗੀ ਵੱਜਣ ’ਤੇ ਤੁਰੰਤ 1930 ’ਤੇ ਕਰੋ ਸ਼ਿਕਾਇਤ
ਪੁਲਸ ਨੇ ਨਾਗਰਿਕਾਂ ਨੂੰ ਕਿਹਾ ਹੈ ਕਿ ਜੇਕਰ ਉਹ ਸਾਈਬਰ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ ਜਾਂ ਉਨ੍ਹਾਂ ਦੇ ਖ਼ਾਤੇ ਵਿਚੋਂ ਪੈਸੇ ਨਿਕਲ ਜਾਂਦੇ ਹਨ, ਤਾਂ ਬਿਨਾਂ ਦੇਰੀ ਕੀਤੇ ਰਾਸ਼ਟਰੀ ਸਾਈਬਰ ਅਪਰਾਧ ਹੈਲਪਲਾਈਨ ਨੰਬਰ 1930 ’ਤੇ ਸ਼ਿਕਾਇਤ ਕਰਨ। ਸਮੇਂ ’ਤੇ ਸ਼ਿਕਾਇਤ ਕਰਨ ਨਾਲ ਠੱਗੀ ਦੀ ਰਕਮ ਨੂੰ ਰੋਕਣ ਜਾਂ ਅੱਗੇ ਦੀ ਕਾਰਵਾਈ ਵਿਚ ਮਦਦ ਮਿਲ ਸਕਦੀ ਹੈ। ਪੁਲਸ ਕਮਿਸ਼ਨਰੇਟ ਜਲੰਧਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡਰ ਦੀ ਬਜਾਏ ਚੌਕਸੀ ਨੂੰ ਹਥਿਆਰ ਬਣਾਉਣ ਅਤੇ ਪਰਿਵਾਰ ਦੇ ਬਜ਼ੁਰਗਾਂ ਅਤੇ ਹੋਰ ਲੋਕਾਂ ਨੂੰ ਵੀ ‘ਡਿਜੀਟਲ ਅਰੈਸਟ’ ਵਰਗੇ ਸਾਈਬਰ ਫ਼ਰਾਡ ਬਾਰੇ ਜਾਗਰੂਕ ਕਰਨ।