ਜਲੰਧਰ ’ਚ ਬ੍ਰੇਕਅੱਪ ਮਗਰੋਂ ਕੁੜੀ ਦਾ ਕਤਲ, ਸਿਰਫ਼ਿਰੇ ਆਸ਼ਕ ਨੂੰ ਉਮਰਕੈਦ ਦੀ ਸਜ਼ਾ

ਜਲੰਧਰ ’ਚ ਬ੍ਰੇਕਅੱਪ ਮਗਰੋਂ ਕੁੜੀ ਦਾ ਕਤਲ, ਸਿਰਫ਼ਿਰੇ ਆਸ਼ਕ ਨੂੰ ਉਮਰਕੈਦ ਦੀ ਸਜ਼ਾ

ਬ੍ਰੇਕਅੱਪ ਮਗਰੋਂ ਕੁੜੀ ਦਾ ਕਤਲ ਕਰਨ ਵਾਲੇ ਸਿਰਫ਼ਿਰੇ ਆਸ਼ਿਕ ਨੂੰ ਅਦਾਲਤ ਨੇ ਉਮਰਕੈਦ ਦੀ ਸਜ਼ਾ ਸੁਣਾ ਦਿੱਤੀ ਹੈ। ਬਲਜਿੰਦਰ ਕੌਰ ਕਤਲਕਾਂਡ ਵਿਚ ਫ਼ੈਸਲਾ ਸੁਣਾਉਂਦਿਆਂ ਐਡੀਸ਼ਨਲ ਸੈਸ਼ਨ ਜੱਜ ਵਿਸ਼ੇਸ਼ ਕੰਬੋਜ ਦੀ ਅਦਾਲਤ ਨੇ ਮੁਲਜ਼ਮ ਸਤਗੁਰੂ ਸਿੰਘ ਉਰਫ਼ ਗੁਰੀ ਨੂੰ ਉਮਰਕੈਦ ਅਤੇ ਢਾਈ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਜੁਰਮਾਨਾ ਨਾ ਭਰਨ 'ਤੇ ਮੁਲਜ਼ਮ ਨੂੰ ਇਕ ਸਾਲ ਦੀ ਵਾਧੂ ਕੈਦ ਵੀ ਕੱਟਣੀ ਪੈ ਸਕਦੀ ਹੈ। 

ਦੱਸ ਦਈਏ ਕਿ ਇਹ ਵਾਰਦਾਤ 24 ਅਗਸਤ 2022 ਦੀ ਅੱਧੀ ਰਾਤ ਨੂੰ ਵਾਪਰੀ ਸੀ, ਜਦੋਂ ਗ੍ਰੀਨ ਮਾਡਲ ਟਾਊਨ ਸਥਿਤ ਇਕ ਮੈਟਰਨਿਟੀ ਹੋਮ ਦੀ ਛੱਤ 'ਤੇ 24 ਸਾਲਾ ਨਰਸ ਬਲਜਿੰਦਰ ਕੌਰ ਦਾ ਕਤਲ ਕਰ ਦਿੱਤਾ ਗਿਆ ਅਤੇ ਉਸ ਦੀ ਸਹੇਲੀ ਜੋਤੀ ਨੂੰ ਜ਼ਖ਼ਮੀ ਕਰ ਦਿੱਤਾ ਗਿਆ ਸੀ। ਵਾਰਦਾਤ ਦੀ ਸਾਰੀ ਘਟਨਾ ਉੱਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ ਸੀ। ਜ਼ਖ਼ਮੀ ਹੋਈ ਜੋਤੀ ਨੇ ਵੀ ਪੁਲਸ ਨੂੰ ਬਿਆਨ ਦਿੱਤਾ ਸੀ ਕਿ ਹਮਲਾਵਰ ਬਲਜਿੰਦਰ ਦਾ ਦੋਸਤ ਹੀ ਹੈ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਤਗੁਰੂ ਸਿੰਘ ਉਰਫ਼ ਗੁਰੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਗੁਰੀ ਨੇ ਪੁਲਸ ਹਿਰਾਸਤ ਵਿਚ ਆਪਣਾ ਗੁਨਾਹ ਕਬੂਲ ਕਰਦਿਆਂ ਦੱਸਿਆ ਕਿ ਘਟਨਾ ਤੋਂ ਕਰੀਬ 4 ਮਹੀਨੇ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਉਸ ਦੀ ਬਲਜਿੰਦਰ ਕੌਰ ਨਾਲ ਗੱਲਬਾਤ ਸ਼ੁਰੂ ਹੋਈ ਸੀ। ਦੋਵੇਂ ਇਕ-ਦੂਜੇ ਨਾਲ ਵਿਆਹ ਕਰਨਾ ਚਾਹੁੰਦੇ ਸਨ। ਪਰ ਘਟਨਾ ਤੋਂ 3 ਦਿਨ ਪਹਿਲਾਂ ਦੋਵਾਂ ਵਿਚਾਲੇ ਤਿੱਖੀ ਬਹਿਸ ਹੋਈ, ਜਿਸ ਵਿਚ ਬਲਜਿੰਦਰ ਨੇ ਉਸ ਨੂੰ ਕਾਫ਼ੀ ਬੁਰਾ-ਭਲਾ ਕਿਹਾ ਅਤੇ ਉਸ ਦਾ ਮੋਬਾਈਲ ਨੰਬਰ ਵੀ ਬਲਾਕ ਕਰ ਦਿੱਤਾ। ਬ੍ਰੇਕਅੱਪ ਤੋਂ ਭੜਕੇ ਗੁਰੀ ਨੇ ਉਸ ਨੂੰ ਜਾਨੋਂ ਮਾਰ ਦਿੱਤਾ ਤੇ ਉਸ ਨੂੰ ਬਚਾਉਣ ਆਈ ਸਹੇਲੀ ਜੋਤੀ ਨੂੰ ਵੀ ਜ਼ਖ਼ਮੀ ਕਰ ਦਿੱਤਾ।