ਪਾਕਿਸਤਾਨ ''ਚ ਸਿੱਖਾਂ ਦੇ ਕਤਲ ਨੂੰ ਲੈ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਗਟਾਈ ਚਿੰਤਾ

ਪਾਕਿਸਤਾਨ ''ਚ ਸਿੱਖਾਂ ਦੇ ਕਤਲ ਨੂੰ ਲੈ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਗਟਾਈ ਚਿੰਤਾ

ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਾਕਿਸਤਾਨ 'ਚ ਸਿੱਖਾਂ ਦੇ ਕਤਲ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਦੇ ਮੀਡੀਆ 'ਚ ਇਹ ਗੱਲ ਵਾਰ-ਵਾਰ ਉਠਾਈ ਜਾ ਰਹੀ ਹੈ ਕਿ ਅਮਰੀਕਾ 'ਚ ਪ੍ਰਧਾਨ ਮੰਤਰੀ ਨੂੰ ਪੁੱਛਿਆ ਗਿਆ ਕਿ ਭਾਰਤ ਦੇ ਅੰਦਰ ਜਿਹੜੀ ਘੱਟ ਗਿਣਤੀ ਦੇ ਲੋਕ ਸੁਰੱਖਿਅਤ ਕਿਉਂ ਨਹੀਂ ਹਨ। ਇਸ 'ਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਮੈਂ ਆਪਣੀ ਸਿੱਖ ਕੌਮ ਦੀ ਗੱਲ ਕਰਾਂ ਤਾਂ ਮੈਨੂੰ ਲੱਗਦਾ ਹੈ ਕਿ ਸਿੱਖ ਦੁਨੀਆ 'ਤੇ ਕਿਸੇ ਵੀ ਜਗ੍ਹਾ ਸੁਰੱਖਿਅਤ ਨਹੀਂ ਹਨ। ਉਨ੍ਹਾਂ ਕਿਹਾ ਕਿ ਕੈਨੇਡਾ, ਪਾਕਿਸਤਾਨ, ਇੰਗਲੈਂਡ ਤੇ ਹੋਰ ਕਈ ਸਾਰੇ ਵਿਦੇਸ਼ਾਂ 'ਚ ਸਿੱਖਾਂ ਦੇ ਕਤਲ ਹੋਏ ਹਨ ਅਤੇ ਸਿੱਖ  ਕੌਮ ਖ਼ਾਸ ਕਰਕੇ ਪਾਕਿਸਤਾਨ ਤੇ ਅਫਗਾਨਿਸਤਾਨ 'ਚ ਟਾਰਗੇਟ ਕਿਲਿੰਗ ਦਾ ਸ਼ਿਕਾਰ ਹੋਏ ਹਨ। 

ਇਸ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਕਿਹਾ ਕਿ ਬਹੁਤ ਹੀ ਦੁਖਦਾਈ ਖ਼ਬਰ ਹੈ ਕਿ ਬੀਤੇ ਦਿਨੀਂ ਪੇਸ਼ਾਵਰ ਦੀ ਸਤਿਕਾਰਯੋਗ ਹਸਤੀ ਬਾਬਾ ਮੱਖਣ ਸਿੰਘ ਦੇ ਪੁੱਤਰ ਤਰਲੋਕ ਸਿੰਘ 'ਤੇ ਹਮਲਾ  ਕੀਤਾ ਗਿਆ ਸੀ, ਪਰ ਪਰਮਾਤਮਾ ਦੀ ਕਿਰਪਾ ਨਾਲ ਉਨ੍ਹਾਂ ਦਾ ਬਚਾਅ ਹੋ ਗਿਆ। ਉਨ੍ਹਾਂ ਅੱਗੇ ਕਿਹਾ ਕਿ ਕੱਲ ਰਾਤ 8 ਵਜੇ ਨੂੰ ਇਕ 21 ਸਾਲਾ ਨੌਜਵਾਨ ਸਰਦਾਰ ਮਨਮੋਹਨ ਸਿੰਘ ਜੋ ਕਿ ਆਪਣੀ ਦੁਕਾਨ 'ਚ ਕੰਮ ਕਰ ਰਿਹਾ ਸੀ ਉਸ ਦਾ ਵੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਜਿਸ ਕਾਰਨ ਦੌਰਾਨ ਪੂਰੇ ਪਾਕਿਸਤਾਨੀ ਸਿੱਖਾਂ ਅੰਦਰ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਸਿੱਖ ਭਾਰਤ ਆਉਣ ਲਈ ਤਿਆਰ ਬੈਠੇ ਹਨ, ਜੇਕਰ ਅਫਗਾਨਿਸਤਾਨ ਵਾਂਗ ਸਿੱਖ ਭਾਰਤ ਆ ਜਾਂਦੇ ਤਾਂ ਸਾਡੇ ਇਤਿਹਾਸਿਕ ਸਥਾਨ ਤੇ ਵਿਰਾਸਤਾਂ ਨੂੰ ਕੌਣ ਸੰਭਾਲੇਗਾ। ਉਨ੍ਹਾਂ ਕਿਹਾ ਕਿ ਮੈਂ ਭਾਰਤ ਸਰਕਾਰ ਨੂੰ ਕਹਾਂਗਾ ਕਿ ਆਪਣੇ ਪੱਧਰ 'ਤੇ ਪਾਕਿਸਤਾਨ ਸਰਕਾਰ ਨਾਲ ਗੱਲ੍ਹ ਕਰੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਜਿਹੜੇ ਇਤਿਹਾਸਕ ਸਥਾਨ ਹਨ ਉਨ੍ਹਾਂ ਨੂੰ ਬਚਾਉਣ ਦੇ ਉਪਰਾਲੇ ਕੀਤੇ ਜਾਣ।

ਉਨ੍ਹਾਂ ਕਿਹਾ ਇਸ ਸਮੇਂ ਸਭ ਤੋਂ ਵੱਡੀ ਚਿੰਤਾ ਪਾਕਿਸਤਾਨ ਦੇ ਸਿੱਖਾਂ ਦੀ ਜਾਨ ਹੈ, ਜੋ ਇਸ ਸਮੇਂ ਖ਼ਤਰੇ 'ਚ ਹਨ। ਉਨ੍ਹਾਂ ਕਿ ਸਰਦਾਰ ਮਨਮੋਹਨ ਸਿੰਘ ਨੂੰ ਮਾਰ ਦੇਣਾ ਇਹ ਬਹੁਤ ਹੀ ਦੁਖਦਾਈ ਅਤੇ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਅਸੀਂ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਪਾਕਿਸਤਾਨ ਦੇ ਸਿੱਖਾਂ 'ਤੇ ਮਹਿਰ ਭਰਿਆ ਹੱਥ ਰੱਖੇ। ਇਸ ਦੇ ਨਾਲ ਉਨ੍ਹਾਂ ਨੇ ਵਿਦੇਸ਼ਾਂ 'ਚ ਵਸਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਪਾਕਿਸਤਾਨ 'ਚ ਵਸਦੇ ਸਿੱਖਾ ਦੀ ਮਦਦ ਕਰਨ ਤਾਂ ਕੇ ਉਹ ਆਪਣਾ ਕਾਰੋਬਾਰ ਚਲਾ ਸਕਣ।