- Updated: December 21, 2023 09:21 PM
ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪਿੱਜ਼ਾ ਇਕ ਵਾਰ ਫਿਰ ਵਿਵਾਦਾਂ ਦੇ ਘੇਰੇ 'ਚ ਆ ਗਿਆ ਹੈ। ਇਹ ਜੋੜਾ ਪਹਿਲਾਂ ਵੀ ਇਕ ਨਿੱਜੀ ਵੀਡੀਓ ਦੇ ਲੀਕ ਹੋ ਜਾਣ ਕਾਰਨ ਵਿਵਾਦਾਂ 'ਚ ਘਿਰ ਗਿਆ ਸੀ। ਉੱਥੇ ਹੀ ਹੁਣ ਇਕ ਨਵਾਂ ਮਸਲਾ ਖੜ੍ਹਾ ਹੋ ਗਿਆ ਹੈ, ਜਿੱਥੇ ਇਨ੍ਹਾਂ ਨੇ ਇੰਸਟਾਗ੍ਰਾਮ 'ਤੇ ਇਕ ਰੀਲ ਸਾਂਝੀ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਦੁਨੀਆ ਨੂੰ ਲੈ ਕੇ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ।
ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਨਿਹੰਗ ਸਿੰਘਾਂ ਨੇ ਉਨ੍ਹਾਂ ਦੀ ਦੁਕਾਨ 'ਤੇ ਆ ਕੇ ਘੇਰਾ ਪਾ ਲਿਆ। ਉਹ ਕੁੱਲ੍ਹੜ ਪਿੱਜ਼ਾ ਜੋੜੇ ਨੂੰ ਪੁੱਛਣਾ ਚਾਹੁੰਦੇ ਹਨ ਕਿ ਜਦੋਂ ਉਨ੍ਹਾਂ ਦੀ ਨਿੱਜੀ ਵੀਡੀਓ ਵਾਇਰਲ ਹੋਈ ਸੀ, ਉਦੋਂ ਇਸੇ ਦੁਨੀਆ ਨੇ ਉਨ੍ਹਾਂ ਦਾ ਸਾਥ ਦਿੱਤਾ ਸੀ ਤੇ ਉਨ੍ਹਾਂ ਦੀ ਉਸ ਗਲਤੀ 'ਤੇ ਪਰਦਾ ਪਾਉਣ 'ਚ ਮਦਦ ਕੀਤੀ ਸੀ। ਪਰ ਹੁਣ ਉਨ੍ਹਾਂ ਇਕ ਨਵੀਂ ਵੀਡੀਓ ਵਾਇਰਲ ਕਰ ਕੇ ਇਕ ਵਾਰ ਫ਼ਿਰ ਤੋਂ ਵਿਵਾਦਾਂ ਨੂੰ ਸੱਦਾ ਦੇ ਲਿਆ ਹੈ।
ਨਿਹੰਗ ਸਿੰਘਾਂ ਨੇ ਕਿਹਾ ਕਿ ਉਹ ਜੋੜੇ ਨੂੰ ਆਹਮੋ-ਸਾਹਮਣੇ ਬੈਠ ਕੇ ਮਿਲਣਾ ਚਾਹੁੰਦੇ ਸਨ, ਪਰ ਉਹ ਇਸ ਵੇਲੇ ਜੈਪੁਰ ਗਏ ਹੋਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਾਪਸ ਆਉਣ ਤੱਕ ਉਹ ਉਨ੍ਹਾਂ ਦੀ ਉਡੀਕ ਕਰਨਗੇ ਤੇ ਗੱਲਬਾਤ ਕਰ ਕੇ ਹੀ ਵਾਪਸ ਜਾਣਗੇ। ਉਹ ਉਨ੍ਹਾਂ ਕੋਲੋਂ ਵਾਇਰਲ ਹੋਈ ਵੀਡੀਓ ਵੀ ਡਿਲੀਟ ਕਰਨ ਨੂੰ ਕਹਿਣਗੇ।