- Updated: October 09, 2026 07:33 PM
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਦੇ ਇਕ ਮਾਮਲੇ 'ਚ ਪੰਜਾਬ ਪੁਲਸ ਦੇ ਮੁਅੱਤਲ ਡਿਪਟੀ ਇੰਸਪੈਕਟਰ ਜਨਰਲ ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਈ. ਡੀ. ਨੇ ਇਹ ਮਾਮਲਾ 6 ਨਵੰਬਰ 2025 ਨੂੰ ਉਸ ਵੇਲੇ ਦਰਜ ਕੀਤਾ ਸੀ, ਜਦੋਂ ਸੀ. ਬੀ. ਆਈ. ਵੱਲੋਂ ਭੁੱਲਰ ਨੂੰ 16 ਅਕਤੂਬਰ 2025 ਨੂੰ ਰਿਸ਼ਵਤਖ਼ੋਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਹ ਮਾਮਲਾ ਸ਼ਿਕਾਇਤ ਕਰਤਾ ਆਕਾਸ਼ ਬੱਤਾ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ। ਇਹ ਦੋਸ਼ ਲਗਾਇਆ ਗਿਆ ਸੀ ਕਿ ਰੋਪੜ ਰੇਂਜ ਦੇ ਡੀ. ਆਈ. ਜੀ. ਵਜੋਂ ਤਾਇਨਾਤੀ ਦੌਰਾਨ ਭੁੱਲਰ ਨੇ ਇਕ ਵਿਚੋਲੇ ਕ੍ਰਿਸ਼ਾਨੂੰ ਸ਼ਾਰਦਾ ਰਾਹੀਂ ਸਰਹਿੰਦ ਥਾਣੇ 'ਚ ਦਰਜ ਇਕ ਮਾਮਲੇ 'ਚ ਰਿਆਇਤ ਦੇਣ ਅਤੇ ਕਾਰੋਬਾਰ ਵਿਰੁੱਧ ਕੋਈ ਸਖ਼ਤ ਕਾਰਵਾਈ ਨਾ ਕਰਨ ਬਦਲੇ ਰਿਸ਼ਵਤ ਦੀ ਮੰਗ ਕੀਤੀ ਸੀ।
ਇਸ ਦੇ ਬਾਅਦ ਸੀ. ਬੀ. ਆਈ. ਨੇ ਜਾਲ ਵਿਛਾ ਕੇ 16 ਅਕਤੂਬਰ 2025 ਨੂੰ ਵਿਚੋਲੇ ਕ੍ਰਿਸ਼ਾਨੂੰ ਸ਼ਾਰਦਾ ਨੂੰ 8 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ ਅਤੇ ਉਸੇ ਦਿਨ ਹੀ ਭੁੱਲਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਈ. ਡੀ. ਦੇ ਵਿਸ਼ੇਸ਼ ਸਰਕਾਰੀ ਵਕੀਲ ਨੇ ਚੰਡੀਗੜ੍ਹ ਦੀ ਸੀ. ਬੀ. ਆਈ. ਅਦਾਲਤ 'ਚ ਭੁੱਲਰ ਦੇ 14 ਦਿਨਾਂ ਦੇ ਰਿਮਾਂਡ ਦੀ ਮੰਗ ਕਰਦਿਆਂ ਕਿਹਾ ਕਿ ਮਨੀ ਟ੍ਰੇਲ (ਪੈਸਿਆਂ ਦੇ ਲੈਣ-ਦੇਣ) ਦਾ ਪਤਾ ਲਗਾਉਣ ਅਤੇ ਇਸ ਘੁਟਾਲੇ 'ਚ ਸ਼ਾਮਲ ਹੋਰਾਂ ਦਾ ਪਤਾ ਲਗਾਉਣ ਲਈ ਮੁਲਜ਼ਮ ਤੋਂ ਹਿਰਾਸਤੀ ਪੁੱਛਗਿੱਛ ਜ਼ਰੂਰੀ ਹੈ। ਦੂਜੇ ਪਾਸੇ, ਮੁਲਜ਼ਮ ਦੇ ਵਕੀਲਾਂ ਐੱਸ. ਪੀ. ਐੱਸ. ਭੁੱਲਰ ਅਤੇ ਕਰਨਜੀਤ ਸਿੰਘ ਨੇ ਰਿਮਾਂਡ ਅਰਜ਼ੀ ਦਾ ਪੁਰਜ਼ੋਰ ਵਿਰੋਧ ਕੀਤਾ।
ਵਕੀਲ ਨੇ ਦਲੀਲ ਦਿੱਤੀ ਕਿ ਜਦੋਂ ਸ਼ਿਕਾਇਤ ਕਰਤਾ ਦੀ ਜਿਰ੍ਹਾ ਚੱਲ ਰਹੀ ਹੈ ਤਾਂ ਅਜਿਹੇ ਸਮੇਂ ਈ. ਡੀ. ਦੀ ਇਹ ਕਾਰਵਾਈ ਸੁਤੰਤਰ ਅਤੇ ਨਿਰਪੱਖ ਸੁਣਵਾਈ ਦੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਜਾਂਚ ਏਜੰਸੀਆਂ ਕੋਲ ਪਹਿਲਾਂ ਹੀ ਸਾਰੇ ਦਸਤਾਵੇਜ਼ ਮੌਜੂਦ ਹਨ, ਇਸ ਲਈ ਗ੍ਰਿਫ਼ਤਾਰੀ ਜਾਂ ਰਿਮਾਂਡ ਦੀ ਕੋਈ ਲੋੜ ਨਹੀਂ ਹੈ। ਤਾਜ਼ਾ ਜਾਣਕਾਰੀ ਮੁਤਾਬਕ ਮਾਮਲੇ 'ਚ 8 ਦਿਨਾਂ ਦੇ ਈ. ਡੀ. ਰਿਮਾਂਡ ਦੀ ਕਾਰਵਾਈ ਸਾਹਮਣੇ ਆਈ ਹੈ। ਭੁੱਲਰ ਇਸ ਸਮੇਂ ਸੀ. ਬੀ. ਆਈ. ਵੱਲੋਂ ਦਰਜ ਭ੍ਰਿਸ਼ਟਾਚਾਰ ਮਾਮਲੇ 'ਚ ਜੇਲ੍ਹ 'ਚ ਹਨ। ਈ. ਡੀ. ਦੀ ਜਾਂਚ ਇਸੇ ਮਾਮਲੇ ਨਾਲ ਜੁੜੀ ਕਥਿਤ ਮਨੀ ਲਾਂਡਰਿੰਗ ਅਤੇ ਜਾਇਦਾਦੀ ਲੈਣ-ਦੇਣ ਦੀ ਜਾਂਚ 'ਤੇ ਕੇਂਦਰਿਤ ਹੈ।