- Updated: June 18, 2024 12:21 PM
ਗੁਜਰਾਤ ਦੀ ਜੇਲ੍ਹ ਵਿਚੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਵਲੋਂ ਵੀਡੀਓ ਕਾਲ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਭਾਜਪਾ 'ਤੇ ਵੱਡਾ ਹਮਲਾ ਬੋਲਿਆ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਬੁਲਾਰਾ ਨੀਲ ਗਰਗ ਨੇ ਕਿਹਾ ਕਿ ਗੱਲ-ਗੱਲ 'ਤੇ ਪੰਜਾਬ ਨੂੰ ਬਦਨਾਮ ਕਰਨ ਵਾਲੇ ਸੁਨੀਲ ਕੁਮਾਰ ਜਾਖੜ ਹੁਣ ਚੁੱਪ ਕਿਉਂ ਹਨ। ਉਨ੍ਹਾਂ ਕਿਹਾ ਕਿ ਕਦੇ ਨਸ਼ਿਆਂ ਦੇ ਨਾਂ 'ਤੇ, ਕਦੇ ਗੈਂਗਸਟਰਵਾਦ 'ਤੇ, ਕਦੇ ਲਾਅ ਐਂਡ ਆਰਡਰ ਦੇ ਨਾਂ 'ਤੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਇਹ ਪੰਜਾਬ ਨੂੰ ਇੰਝ ਪੇਸ਼ ਕਰਦੇ ਹਨ ਕਿ ਜਿਵੇਂ ਪੂਰੇ ਦੇਸ਼ ਵਿਚੋਂ ਪੰਜਾਬ ਹੀ ਸਭ ਤੋਂ ਮਾੜਾ ਸੂਬਾ ਹੈ।
ਇਸ ਦੇ ਉਲਟ ਹੋਰ ਸੂਬਿਆਂ ਨਾਲੋਂ ਪੰਜਾਬ ਦੀ ਕਾਨੂੰਨ ਵਿਵਸਥਾ ਕਿਤੇ ਬਿਹਤਰ ਹੈ। ਇਹ ਅਸੀਂ ਨਹੀਂ ਸਗੋਂ ਨੈਸ਼ਨਲ ਕਰਾਈਮ ਬਿਊਰੋ ਦਾ ਰਿਕਾਰਡ ਕਹਿੰਦਾ ਹੈ। ਗਰਗ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਲਗਾਤਾਰ ਗੁਜਰਾਤ ਦੀ ਜੇਲ੍ਹ ਵਿਚ ਬੈਠ ਕੇ ਆਪਣਾ ਨੈੱਕਸਸ ਚਲਾ ਰਿਹਾ ਹੈ। ਇਸ 'ਤੇ ਸੁਨੀਲ ਜਾਖੜ ਚੁੱਪ ਕਿਉਂ ਹਨ। ਹਮੇਸ਼ਾ ਪੰਜਾਬ ਨੂੰ ਭੰਡਣ ਵਾਲੇ ਸੁਨੀਲ ਜਾਖੜ ਕੀ ਹੁਣ ਗੁਜਰਾਤ ਦੇ ਮੁੱਖ ਮੰਤਰੀ ਖ਼ਿਲਾਫ਼ ਵੀ ਕੁਝ ਬੋਲਣਗੇ। ਜੇਕਰ ਤੁਸੀਂ ਪੰਜਾਬ ਦੇ ਭੰਡਣ ਦੀ ਬਜਾਏ ਸੱਚ 'ਤੇ ਪਹਿਰਾ ਦਿਓਗੇ ਤਾਂ ਜ਼ਿਆਦਾ ਬਿਹਤਰ ਹੋਵੇਗਾ।